ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਇਕਾਂਤਵਾਸ 'ਚ ਰੱਖਿਆ, ਭਾਈ ਨਿਰਮਲ ਸਿੰਘ ਖ਼ਾਲਸਾ ਨਾਲ ਕੀਤੀ ਸੀ ਮੁਲਾਕਾਤ

By  Shanker Badra April 3rd 2020 12:35 PM

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਇਕਾਂਤਵਾਸ 'ਚ ਰੱਖਿਆ, ਭਾਈ ਨਿਰਮਲ ਸਿੰਘ ਖ਼ਾਲਸਾ ਨਾਲ ਕੀਤੀ ਸੀ ਮੁਲਾਕਾਤ:ਸੁਲਤਾਨਪੁਰ ਲੋਧੀ : ਉੱਘੇ ਵਾਤਾਵਰਨ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸ਼ਨ ਵੱਲੋਂ ਨਿਰਮਲ ਕੁਟੀਆ ਸੀਚੇਵਾਲ, ਸੁਲਤਾਨਪੁਰ ਲੋਧੀ ਵਿਖੇ ਇਕਾਂਤਵਾਸ (ਹੋਮ ਕੁਆਰੰਟਾਈਨ) ਕੀਤਾ ਗਿਆ ਹੈ। ਇਸ ਖਬਰ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ. ਡਾ. ਚਾਰੂਮਿਤਾ ਨੇ ਕੀਤੀ ਹੈ ।

ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਜੋ ਕਿ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ ਅਤੇ ਭਾਈ ਨਿਰਮਲ ਸਿੰਘ ਖਾਲਸਾ ਆਪਣੇ ਸੁਲਤਾਨਪੁਰ ਲੋਧੀ ਦੌਰੇ ਦੌਰਾਨ 13 -14 ਮਾਰਚ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਗਏ ਸਨ।

ਸ਼ਾਹਕੋਟ ਦੇ ਐਸਡੀਐਮ ਡਾ.ਸੰਜੀਵ ਕੁਮਾਰ ਸ਼ਰਮਾ ਤੇ ਡੀਐਸਪੀ ਪਿਆਰਾ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ, ਪੁਲਿਸ ਤੇ ਸਿਹਤ ਵਿਭਾਗ ਦੀਆ ਟੀਮਾਂ ਨੇ ਐਸ.ਐਮ.ੳ ਲੋਹੀਆ ਡਾ. ਦਵਿੰਦਰ ਸਮਰਾ ਨਾਲ ਅੱਜ ਪਿੰਡ ਸੀਚੇਵਾਲ ਵਿਖੇ ਸੰਤ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾ ਦੀ ਸਿਹਤ ਦਾ ਹਾਲ ਚਾਲ ਪੁਛਦਿਆਂ ਉਨ੍ਹਾ ਨੂੰ ਇਤਿਆਤ ਵਰਤਣ ਤੇ ਕੁਝ ਸਮੇ ਲਈ ਇਕਾਂਤਵਾਸ (ਹੋਮ ਕੁਆਰੰਟਾਈਨ) ਹੋਣ ਲਈ ਕਿਹਾ ਗਿਆ ਹੈ।

ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੁਦ ਵੀਡੀਓ ਰਾਹੀਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਤੰਦਰੁਸਤ ਹਨ। ਉਨ੍ਹਾਂ  ਦੱਸਿਆ ਕਿ 13 ਮਾਰਚ ਨੂੰ ਭਾਈ ਨਿਰਮਲ ਸਿੰਘ ਖਾਲਸਾ ਜੀ ਉਨ੍ਹਾਂ ਨੂੰ ਮਿਲ ਕੇ ਗਏ ਸਨ ਤੇ ਅੱਜ 2 ਅਪ੍ਰੈਲ ਹੋ ਗਈ ਹੈ, ਜਿਸ ਕਾਰਨ 21 ਦਿਨ ਹੋ ਗਏ ਹਨ , ਜਿਸ ਕਾਰਨ ਕੋਈ ਡਰਨ ਵਾਲੀ ਗੱਲ ਨਹੀ ਹੈ।

-PTCNews

Related Post