ਦਿੱਲੀ ਕਮੇਟੀ ਦੇ 125 ਬੈੱਡਾਂ ਵਾਲੇ ਹਸਪਤਾਲ 'ਤੇ ਰੋਕ ਲਗਾਉਣ ਲਈ ਸਰਨਾ ਭਰਾਵਾਂ ਨੇ ਅਦਾਲਤ ਦਾ ਕੀਤਾ ਰੁਖ਼

By  Jashan A August 6th 2021 04:03 PM

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 125 ਬੈੱਡਾਂ ਤੇ ਅਤਿ ਆਧੁਨਿਕ ਤਕਨੀਕ ਵਾਲੇ ਹਸਪਤਾਲ ਨੂੰ ਸਮਰਪਿਤ ਕਰਵਾਉਣ ਲਈ ਸ਼ੁਰੂ ਹੋ ਰਹੀ ਕਾਰਵਾਈ ਨੂੰ ਰੁਕਵਾਉਣ ਲਈ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਰਨਾ ਕਾਨੂੰਨੀ ਚਾਰਾਜੋਈ ਰਾਹੀਂ ਅੜਿੱਕੇ ਲਗਾ ਰਹੇ ਹਨ। ਜਿਸ ਦੌਰਾਨ ਦੋਵਾਂ ਸਰਨਾ ਭਰਾਵਾਂ ਨੇ ਆਪਣੇ ਦੋਹਤੇ ਸਾਹਿਬਜੀਤ ਸਿੰਘ ਬਿੰਦਰਾ ਰਾਹੀਂ ਇਕ ਰਿੱਟ ਪਟੀਸ਼ਨ ਦਾਖ਼ਲ ਕਰਕੇ ਅਦਾਲਤ ਕੋਲ ਪਹੁੰਚ ਕੀਤੀ ਹੈ ਕਿ 13 ਅਗਸਤ ਨੂੰ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਵਾਲੇ ਇਸ ਹਸਪਤਾਲ ਦਾ ਕੰਮ ਰੋਕ ਦਿੱਤਾ ਜਾਵੇ।

ਜਿਸ 'ਤੇ ਅੱਜ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਦੌਰਾਨ ਇਸ ਕੇਸ ਦੀ ਅਗਲੀ ਸੁਣਵਾਈ 11 ਅਗਸਤ ਨੂੰ ਕਰ ਦਿੱਤੀ ਹੈ। ਜਿਸ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਵੀ ਜਾਣਿਆ ਜਾਵੇਗਾ ਤੇ ਹੁਣ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਵੇਗੀ।

ਹੋਰ ਪੜ੍ਹੋ: ਟੋਕੀਓ ਓਲੰਪਿਕ ‘ਚ ਬਜਰੰਗ ਪੂਨੀਆ ਦੀ ਹਾਰ, Azerbaijan ਦੇ ਪਹਿਲਵਾਨ ਨੇ 12-5 ਨਾਲ ਦਿੱਤੀ ਮਾਤ

ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹਸਪਤਾਲ ਲੋਕਾਂ ਨੂੰ ਸਮਰਪਿਤ ਕਰਨਾ ਸੀ, ਪਰ ਇਸ ਤੋਂ ਪਹਿਲਾਂ ਹੀ ਸਰਨਾ ਭਰਾਵਾਂ ਵੱਲੋਂ ਹਸਪਤਾਲ ਦੀ ਪ੍ਰੀਕ੍ਰਿਆ ਰੁਕਵਾਉਣ ਲਈ ਅਦਾਲਤ ਦਾ ਰੁਖ ਕਰ ਲਿਆ। ਇਸ ਹਸਪਤਾਲ ਦਾ ਸੁਫਨਾ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਨੇ ਲਿਆ ਸੀ ਕਿ ਇਹ ਹਸਪਤਾਲ ਮਾਨਵਤਾ ਲਈ ਸਮਰਪਣ ਕੀਤਾ ਜਾਵੇ।

ਤੁਹਾਨੂੰ ਦੱਸ ਦੇਈਏ ਕਿ ਮਨੁੱਖਤਾ ਲਈ ਸਮਰਪਣ ਹਸਪਤਾਲ ਦੇ ਆਰੰਭ ਲਈ ਅਮਰੀਕਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਦੀ ਸੰਗਤ ਨੇ ਵਿੱਤੀ ਤੌਰ 'ਤੇ ਬਹੁਤ ਅਹਿਮ ਯੋਗਦਾਨ ਪਾਇਆ ਹੈ। ਪਰ ਸਰਨਾ ਭਰਾਵਾਂ ਵੱਲੋਂ ਇਸ ਹਸਪਤਾਲ ਦੀ ਉਸਾਰੀ ਅਤੇ ਕੰਮ ਨੂੰ ਰੋਕਣ ਲਈ ਅਦਾਲਤ ਦਾ ਸਹਾਰਾ ਲੈ ਕੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਵੱਡੇ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।

-PTC News

Related Post