#COVID19: ਕੋਰੋਨਾ ਦੇ ਖਿਲਾਫ਼ ਲੜਾਈ 'ਚ SBI ਨੇ 100 ਅਤੇ LIC ਨੇ 105 ਕਰੋੜ ਰੁਪਏ ਕੀਤੇ ਦਾਨ

By  Shanker Badra April 2nd 2020 03:22 PM

#COVID19: ਕੋਰੋਨਾ ਦੇ ਖਿਲਾਫ਼ ਲੜਾਈ 'ਚ SBI ਨੇ 100 ਅਤੇ LIC ਨੇ 105 ਕਰੋੜ ਰੁਪਏ ਕੀਤੇ ਦਾਨ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 2000 ਤੋਂ ਪਾਰ ਪਹੁੰਚ ਗਈ, ਜਦਕਿ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ ਹੈ। ਕੇਂਦਰ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਨੇ ਕੋਰੋਨਾ ਵਾਇਰਸ ਬਿਮਾਰੀ ਦੇ ਇਲਾਜ ਅਤੇ ਜਾਂਚ ਸਹੂਲਤਾਂ 'ਚ ਯੋਗਦਾਨ ਪਾਉਣ ਲਈ ਆਪਣੇ ਪੱਧਰ 'ਤੇ ਵੱਖਰੇ ਐਮਰਜੈਂਸੀ ਫੰਡ ਬਣਾਏ ਹਨ। ਦੇਸ਼ ਦੀਆਂ ਦੋ ਪ੍ਰਮੁੱਖ ਵਿੱਤੀ ਸੰਸਥਾਵਾਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐਲਆਈਸੀ) ਨੇ ਪ੍ਰਧਾਨ ਮੰਤਰੀ ਸਿਵਲ ਸਹਾਇਤਾ ਅਤੇ ਐਮਰਜੈਂਸੀ ਰਾਹਤ (ਪੀਐਮ ਕੇਅਰਜ਼) ਫੰਡ ਲਈ ਲੜੀਵਾਰ 100 ਕਰੋੜ ਤੇ 105 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਆਈਆਈਐਫਸੀਐਲ ਨੇ ਟਵੀਟ ਕੀਤਾ ਕਿ ਉਸ ਨੇ ਪੀਐਮ ਕੇਰਜ਼ ਫੰਡ ਵਿੱਚ 25 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਜਨਰਲ ਬੀਮਾ ਨਿਗਮ ਨੇ ਵੀ ਕੋਰੋਨਾ ਵਾਇਰਸ ਸੰਕਟ ਨਾਲ ਲੜਨ ਲਈ 22.69 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਪੈਨਸ਼ਨ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀਐਫਆਰਡੀਏ) ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ਦਾ ਇੱਕ ਹਿੱਸਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਅਦਾ ਕਰਨ ਦਾ ਵਾਅਦਾ ਕੀਤਾ ਹੈ। ਵਿੱਤ ਮੰਤਰਾਲੇ ਅਧੀਨ ਆਉਣ ਵਾਲੇ ਸਿਕਿਉਰਿਟੀ ਪ੍ਰਿੰਟਿੰਗ ਐਂਡ ਮਾਈਨਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਵੀ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਕੰਪਨੀ ਏਮਜ਼ ਦਿੱਲੀ ਲਈ 45 ਵੈਂਟੀਲੇਟਰ ਖਰੀਦੇਗੀ। ਇਸ ਤੋਂ ਇਲਾਵਾ ਕੋਵਿਡ-19 ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਖਰੀਦ ਕਰੇਗੀ। -PTCNews

Related Post