ਵਾਪਰਿਆ ਵੱਡਾ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਕਈ ਬੱਚੇ ਜ਼ਖਮੀ

By  PTC NEWS March 5th 2020 02:33 PM

ਸ੍ਰੀ ਮੁਕਤਸਰ ਸਾਹਿਬ : ਸੰਗਰੂਰ ਦੇ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ਹਾਦਸੇ ‘ਚ 4 ਬੱਚਿਆਂ ਦੇ ਜ਼ਿੰਦਾ ਸੜਨ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹਾਲੇ ਵੀ ਚੌਕਸ ਨਹੀਂ ਹੋਈ ਅਤੇ ਨਾ ਹੀ ਸਕੂਲ ਵੈਨ ਚਾਲਕਾਂ ਨੇ ਕੋਈ ਸਬਕ ਨਹੀਂ ਲਿਆ ਅਤੇ ਸ਼ਰੇਆਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ”ਚ ਆਏ ਦਿਨ ਸਕੂਲ ਵੈਨ ਹਾਦਸੇ ਦੇ ਮਾਮਲੇ ਸਾਹਮਣੇ ਆ ਰਹੇ ਹਨ।

SchoolAutoAccident School children Auto Accident In Sri Muktsar Sahib, Many children Injured 1

ਅਜਿਹਾ ਹੀ ਇਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਅਤੇ ਪਿੰਡ ਹਰਾਜ ਵਿਚਾਲੇ ਸਾਹਮਣੇ ਆਇਆ ਹੈ,ਜਿਥੇ ਸਕੂਲੀ ਬੱਚਿਆਂ ਨਾਲ ਭਰਿਆ ਟੈਂਪੂ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਦੌਰਾਨ ਸਕੂਲ ਟੈਂਪੂ ਦੇ ਪਰਖੱਚੇ ਉੱਡ ਗਏ ਅਤੇ ਟੈਂਪੂ 'ਚ ਸਵਾਰ ਤਿੰਨ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਸ ਹਾਦਸੇ ਮੌਕੇ 'ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਬਹੁਤ ਵਾਇਰਲ ਹੋ ਰਹੀ ਹੈ। ਇਹ ਹਾਦਸਾ ਕਿਸ ਕਾਰਨ ਵਾਪਰਿਆ ਹੈ ,ਫਿਲਹਾਲ ਇਸ ਦਾ ਖੁਲਾਸਾ ਅਜੇ ਨਹੀਂ ਹੋ ਸਕਿਆ। ਇਸ ਹਾਦਸੇ 'ਚ ਜ਼ਖਮੀ ਹੋਏ ਬੱਚੇ ਪਿੰਡ ਕੋਟਲੀ ਸੰਘਰ ਸਕੂਲ ਦੇ ਵਿਦਿਆਰਥੀ ਹਨ। ਇਸ ਦੌਰਾਨ ਸੱਟਾਂ ਲੱਗਣ ਕਾਰਨ ਬੱਚੇ ਦਰਦ ਨਾਲ ਤੜਫ਼ ਰਹੇ ਹਨ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਹੌਸਲਾ ਦੇ ਕੇ ਚੁੱਪ ਕਰਵਾਇਆ ਹੈ।

ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ ਸੀ ਅਤੇ ਖਰੜ ਵਿੱਚ ਸਕੂਲ ਬੱਸ ਪਲਟ ਗਈ ਸੀ। ਉਸ ਹਾਦਸੇ ਵਿੱਚ ਵੀ ਕਈ ਬੱਚਿਆਂ ਦੇ ਸੱਟਾਂ ਲੱਗੀਆਂ ਸਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਸਕੂਲੀ ਬੱਚਿਆਂ ਦੀ ਸੁਰੱਖਿਅਤ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕਿੰਨੀ ਕੁ ਫਾਇਦੇਮੰਦ ਹੈ।

Related Post