ਲੰਗਰ ਸ੍ਰੀ ਗੁਰੂ ਰਾਮਦਾਸ ਦੀ ਇਮਾਰਤ ਦੀ ਬਾਹਰੀ ਦਿੱਖ ਦੀ ਕਾਰ ਸੇਵਾ ਭਲਕੇ 24 ਜੂਨ ਨੂੰ ਹੋਵੇਗੀ ਆਰੰਭ

By  Joshi June 23rd 2018 04:48 PM

ਲੰਗਰ ਸ੍ਰੀ ਗੁਰੂ ਰਾਮਦਾਸ ਦੀ ਇਮਾਰਤ ਦੀ ਬਾਹਰੀ ਦਿੱਖ ਦੀ ਕਾਰ ਸੇਵਾ ਭਲਕੇ 24 ਜੂਨ ਨੂੰ ਹੋਵੇਗੀ ਆਰੰਭ

ਅੰਮ੍ਰਿਤਸਰ:  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਸਥਾਰ ਕੀਤੀ ਇਮਾਰਤ ਦੀ ਬਾਹਰੀ ਦਿੱਖ ਦਾ ਕੰਮ ਮੁਕੰਮਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ 24 ਜੂਨ ਨੂੰ ਕਾਰ ਸੇਵਾ ਆਰੰਭ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਵੱਧ ਰਹੀ ਆਮਦ ਕਾਰਨ ਲੰਗਰ ਸ੍ਰੀ ਗੁਰੂ ਰਾਮਦਾਸ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਦੀ ਬਾਹਰੀ ਦਿੱਖ ਨੂੰ ਪਹਿਲਾਂ ਬਣੀ ਲੰਗਰ ਹਾਲ ਦੀ ਇਮਾਰਤ ਦੀ ਤਰਜ਼ ’ਤੇ ਪੁਰਾਤਨ ਦਿੱਖ ਦੇਣ ਲਈ ਛੋਟੀਆਂ ਇੱਟਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰਜ ਕਾਰ ਸੇਵਾ ਰਾਹੀਂ ਮੁਕੰਮਲ ਕਰਵਾਇਆ ਜਾਵੇਗਾ ਅਤੇ ਇਸ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ। ਸ਼੍ਰੋਮਣੀ ਕਮੇਟੀ ਬੁਲਾਰੇ ਅਨੁਸਾਰ ਇਸ ਸੇਵਾ ਦਾ ਆਰੰਭ ਭਲਕੇ 24 ਜੂਨ ਨੂੰ ਸਵੇਰੇ 10:30 ਵਜੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਿੰਘ ਸਾਹਿਬਾਨ, ਕਾਰ ਸੇਵਾ ਵਾਲੇ ਮਹਾਂਪੁਰਖ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ।

—PTC News

Related Post