ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੇ 4 ਸਾਲ ਦੇ ਪੁੱਤਰ ਨੇ ਪਿਤਾ ਨੂੰ ਬਹਾਦਰੀ ਨਾਲ ਦਿੱਤੀ ਅੰਤਿਮ ਵਿਦਾਇਗੀ

By  Shanker Badra September 27th 2018 05:19 PM -- Updated: September 27th 2018 05:22 PM

ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੇ 4 ਸਾਲ ਦੇ ਪੁੱਤਰ ਨੇ ਪਿਤਾ ਨੂੰ ਬਹਾਦਰੀ ਨਾਲ ਦਿੱਤੀ ਅੰਤਿਮ ਵਿਦਾਇਗੀ:ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਰਹਿਣ ਵਾਲਾ ਫੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸ੍ਰੀਨਗਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।ਸੰਦੀਪ ਸਿੰਘ ਦਾ ਪਿੰਡ ਕੋਟਲਾ ਖ਼ੁਰਦ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਹੈ।ਇਸ ਮੌਕੇ ਸ਼ਹੀਦ ਦੀ ਅੰਤਿਮ ਯਾਤਰਾ ’ਚ ਉਸ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਇਲਾਕੇ ਦੇ ਲੋਕ, ਪ੍ਰਸ਼ਾਸ਼ਨਿਕ ਅਧਿਕਾਰੀ ਤੇ ਸਿਆਸਤਦਾਨ ਪਹੁੰਚੇ ਸਨ।

ਸ਼ਹੀਦ ਸੰਦੀਪ ਸਿੰਘ ਦੇ ਪਿਤਾ ਜਗਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ੍ਰੀਨਗਰ ਦੇ ਤੰਗਧਾਰ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੰਦੀਪ ਗੋਲ਼ੀ ਲੱਗਣ ਦੇ ਬਾਵਜੂਦ ਮੁਕਾਬਲਾ ਕਰਦਾ ਰਿਹਾ।ਗੋਲ਼ੀ ਲੱਗਣ ਦੇ ਬਾਵਜੂਦ ਉਸ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰਕੇ ਸ਼ਹੀਦੀ ਹਾਸਲ ਕੀਤੀ ਹੈ।ਸ਼ਹੀਦ ਸੰਦੀਪ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਚਾਹੇ ਪੁੱਤ ਦੇ ਜਾਣ ਨਾਲ ਉਨ੍ਹਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਸ਼ਹਾਦਤ ’ਤੇ ਮਾਣ ਮਹਿਸੂਸ ਕਰਦੇ ਹਨ।ਸ਼ਹੀਦ ਸੰਦੀਪ ਸਿੰਘ 2007 ’ਚ ਫੌਜ ਵਿੱਚ ਭਰਤੀ ਹੋਇਆ ਸੀ।ਆਪਣੀ ਦਲੇਰੀ ਤੇ ਕਾਬਲੀਅਤ ਕਰਕੇ ਹੁਣ ਉਹ ਯੂਨਿਟ 4 ਪੈਰਾ ਸਪੈਸ਼ਲ ਫੋਰਸ ਵਿੱਚ ਤਾਇਨਾਤ ਸੀ।

ਸ਼ਹੀਦ ਸੰਦੀਪ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਸ਼ਹੀਦ ਪੁੱਤਰ ਦੀ ਅਰਥੀ ਨੂੰ ਖ਼ੁਦ ਮੋਢਾ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਇਹ ਸੁਨੇਹਾ ਦਿੱਤਾ ਕਿ ਭਾਰਤ ਦੀਆਂ ਮਾਵਾਂ ਦੇ ਮੋਢਿਆਂ 'ਚ ਇੰਨੀ ਤਾਕਤ ਹੈ ਕਿ ਉਹ ਆਪਣੇ ਪੁੱਤਰ ਨੂੰ ਮੋਢਾ ਦੇ ਕੇ ਸ਼ਮਸ਼ਾਨ ਤੱਕ ਲਿਜਾ ਸਕਦੀਆਂ ਹਨ।ਉਥੇ ਹੀ ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਉਹ ਮੇਰੇ ਪਤੀ ਬਹਾਦਰ ਫ਼ੌਜੀ ਸਨ ਉਨ੍ਹਾਂ ਨੇ ਸੀਨੇ 'ਤੇ ਗੋਲੀ ਖਾ ਕੇ ਸ਼ਹਾਦਤ ਦਾ ਜਾਮ ਪੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਵੀ ਫ਼ੌਜ ਵਿੱਚ ਭੇਜਾਂਗੀ।

-PTCNews

Related Post