ਇਰਾਕ 'ਚ ਫਸੇ 7 ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਸਾਰਾ ਖਰਚਾ ਯੂਥ ਅਕਾਲੀ ਦਲ ਉਠਾਏਗਾ: ਬਿਕਰਮ ਮਜੀਠੀਆ

By  Jashan A June 8th 2019 04:41 PM

ਇਰਾਕ 'ਚ ਫਸੇ 7 ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਸਾਰਾ ਖਰਚਾ ਯੂਥ ਅਕਾਲੀ ਦਲ ਉਠਾਏਗਾ: ਬਿਕਰਮ ਮਜੀਠੀਆ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਇੰਚਾਰਜ ਯੂਥ ਵਿੰਗ) ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਇਰਾਕ 'ਚ ਫਸੇ ਸੱਤ ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵਾਪਸੀ ਟਿਕਟਾਂ ਸਮੇਤ ਸਾਰਾ ਖਰਚਾ ਯੂਥ ਅਕਾਲੀ ਦਲ ਵੱਲੋਂ ਚੁੱਕਿਆ ਜਾਵੇਗਾ।ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਸਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਐਲਾਨ ਕੀਤਾ ਕਿ ਇਹਨਾਂ ਨੌਜਵਾਨਾਂ ਦੀ ਸੁਰੱਖਿਅਤ ਅਤੇ ਨਿਰਵਿਘਨ ਵਾਪਸੀ ਲਈ ਯੂਥ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦਾ ਵਫ਼ਦ ਇਸ ਸੰਬੰਧ ਵਿਚ ਜਲਦੀ ਹੀ ਵਿਦੇਸ਼ ਮੰਤਰੀ ਨੂੰ ਮਿਲੇਗਾ।

ਮਜੀਠੀਆ, ਜਿਹਨਾਂ ਨਾਲ ਇਸ ਮੌਕੇ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਵੀ ਮੌਜੂਦ ਸਨ, ਨੇ ਉਹਨਾਂ ਸਾਰੇ ਟਰੈਵਲ ਏਜੰਟਾਂ ਅਤੇ ਦਲਾਲਾਂ ਖ਼ਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ, ਜਿਹਨਾਂ ਨੇ ਸੱਤ ਨੌਜਵਾਨਾਂ ਦੇ ਮਾਪਿਆਂ ਨੂੰ ਠੱਗਿਆ ਹੈ। ਉਹਨਾਂ ਕਿਹਾ ਕਿ ਸਿਰਫ ਦੋ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ,ਜਦਕਿ ਨੌਜਵਾਨਾਂ ਦੇ ਮਾਪਿਆਂ ਨੇ ਦੋ ਹੋਰ ਵਿਅਕਤੀਆਂ ਦਾ ਵੀ ਨਾਂ ਲਿਆ ਹੈ ਅਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਏਜੰਟਾਂ ਨੂੰ ਦਿੱਤੇ ਪੈਸਿਆਂ ਦਾ ਸਬੂਤ ਵੀ ਦਿੱਤਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪਹਿਲੀ ਸ਼ਿਕਾਇਤ ਉੱਤੇ ਪੁਲਿਸ ਨੇ ਕੇਸ ਦਰਜ ਕਰਨ ਤੋਂ ਆਪਣੇ ਪੈਰ ਪਿੱਛੇ ਖਿੱਚੇ ਹਨ ਅਤੇ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਵੱਲੋਂ ਦਿੱਤੀ ਦੂਜੀ ਸ਼ਿਕਾਇਤ ਉੱਤੇ ਵੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਕੋਈ ਵੀ ਨੁੰਮਾਇਦਾ, ਵਿਧਾਇਕ ਜਾਂ ਮੰਤਰੀ ਅਜੇ ਤੀਕ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਕੋਈ ਇਸ ਦੁੱਖ ਦੀ ਘੜੀ ਉਹਨਾਂ ਦੀ ਮੱਦਦ ਲਈ ਅੱਗੇ ਆਇਆ ਹੈ।

ਹੋਰ ਪੜ੍ਹੋ:ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ

ਉਹਨਾਂ ਕਿਹਾ ਕਿ ਮੈਂ ਯੂਥ ਅਕਾਲੀ ਦਲ ਦੇ ਕੇਡਰ ਦਾ ਧੰਨਵਾਦੀ ਹਾਂ, ਜਿਹੜੇ ਇਹਨਾਂ ਦੁਖੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ।ਯੂਥ ਅਕਾਲੀ ਦਲ ਦੇ ਇੰਚਾਰਜ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਵੱਲੋਂ ਪੂਰੀ ਦੁਨੀਆਂ ਵਿਚ ਮੁਸੀਬਤ ਵਿਚ ਫਸੇ ਪਰਵਾਸੀਆਂ ਦੀ ਮੱਦਦ ਲਈ ਇਕ ਹੈਲਪਲਾਇਨ ਸਥਾਪਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਜਲਦੀ ਇਸ ਹੈਲਪਲਾਇਨ ਦੇ ਨੰਬਰ ਨੂੰ ਜਾਰੀ ਕਰਾਂਗੇ।

ਪਰਵਾਸੀ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਪਾਰਟੀ ਨਾਲ ਸੰਪਰਕ ਕਰ ਸਕਦੇ ਹਨ ਅਤੇ ਅਸੀਂ ਉਸ ਦੇ ਹੱਲ ਲਈ ਆਪਣਾ ਪੂਰਾ ਜ਼ੋਰ ਲਗਾਵਾਂਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਟਰੈਵਲ ਏਜੰਟਾਂ ਦੁਆਰਾ ਠੱਗੇ ਪਰਵਾਸੀਆਂ ਦੀ ਮੱਦਦ ਲਈ ਸਰਕਾਰ ਇੱਕ ਆਨਲਾਇਨ ਸ਼ਿਕਾਇਤ ਰਜਿਸਟਰੇਸ਼ਨ ਸਿਸਟਮ ਲੈ ਕੇ ਆਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮੁੱਦਾ ਬਣ ਗਿਆ ਹੈ। ਕਾਂਗਰਸ ਸਰਕਾਰ ਨੂੰ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਨਾਂ ਉੱਤੇ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੋਖਾਧੜੀਆਂ ਨੂੰ ਰੋਕਣ ਲਈ ਤੁਰੰਤ ਜਰੂਰੀ ਕਦਮ ਉਠਾਉਣੇ ਚਾਹੀਦੇ ਹਨ।

ਇਸੇ ਦੌਰਾਨ ਪੀੜਤ ਪਰਿਵਾਰਾਂ ਵੱਲੋਂ ਬੋਲਦਿਆਂ ਸਤਨਾਮ ਲਾਲ ਨੇ ਯੂਥ ਅਕਾਲੀ ਦਲ ਦਾ ਉਹਨਾਂ ਦੇ ਬੱਚਿਆਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ। ਸਤਨਾਮ ਲਾਲ ਦਾ ਬੇਟਾ ਅਮਨਦੀਪ ਬਾਕੀ ਨੌਜਵਾਨਾਂ ਰਣਦੀਪ, ਸੌਰਵ, ਸੰਦੀਪ, ਕੋਮਲਜੋਤ, ਬਲਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨਾਲ ਇਰਾਕ ਦੇ ਇਰਬਿਲ ਇਲਾਕੇ ਵਿਚ ਫਸਿਆ ਹੋਇਆ ਹੈ। ਸਤਨਾਮ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਵੱਲੋਂ ਕੋਈ ਵੀ ਆਗੂ ਜਾਂ ਮੰਤਰੀ, ਇੱਥੋਂ ਤਕ ਕਿ ਕੋਈ ਜ਼ਿਲ੍ਹਾ ਜਾਂ ਬਲਾਕ ਪੱਧਰ ਦਾ ਅਧਿਕਾਰੀ ਵੀ ਉਹਨਾਂ ਦਾ ਦੁਖੜਾ ਸੁਣਨ ਲਈ ਨਹੀਂ ਆਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਯੂਥ ਅਕਾਲੀ ਦਲ ਮਾਲਵਾ ਜ਼ੋਨ 1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਵੀ ਹਾਜ਼ਰ ਸਨ।

-PTC News

Related Post