ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਮਨਾਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ

By  Pardeep Singh March 25th 2022 05:16 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸ਼ਹੀਦੀ ਸਾਕਾ 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਥੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸਾਕਾ ਸ੍ਰੀ ਪੰਜਾ ਸਾਹਿਬ ਦੀ ਇਸ ਪਹਿਲੀ ਸ਼ਤਾਬਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਖੇ ਵੱਖ-ਵੱਖ ਗੁਰਮਤਿ ਸਮਾਗਮ ਕਰਵਾਉਣ, ਧਾਰਮਿਕ ਸਾਹਿਤ ਛਪਵਾਉਣ ਆਦਿ ਸਬੰਧੀ ਵੱਖ-ਵੱਖ ਕਮੇਟੀਆਂ ਗਠਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਵਾਪਰੇ ਸ਼ਹੀਦੀ ਸਾਕੇ ਦਾ 100 ਸਾਲਾ ਦਿਹਾੜਾ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਲਈ ਸਬ-ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯਤਨ ਕੀਤਾ ਜਾਵੇਗਾ ਕਿ ਇਸ ਮੌਕੇ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸ਼ਹੀਦੀ ਸਾਕੇ ਦੇ ਵੱਖ-ਵੱਖ ਪਹਿਲੂਆਂ ਅਤੇ ਸਾਹਿਤ ਅਤੇ ਡਿਜ਼ੀਟਲ ਵਿਧੀ ਰਾਹੀਂ ਵੀ ਪ੍ਰਚਾਰ ਕੀਤਾ ਜਾਵੇ।

ਧਰਮ ਪ੍ਰਚਾਰ ਕਮੇਟੀ ਵੱਲੋਂ ਅਮਰੀਕਾ ਦੀ ਇਕ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਾਧੂ ਲਗਾਂ-ਮਾਤਰਾਵਾਂ ਅਤੇ ਬਿੰਦੀਆਂ ਲਗਾ ਕੇ ਛਾਪਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਐਡਵੋਕੇਟ ਧਾਮੀ ਅਨੁਸਾਰ ਧਰਮ ਪ੍ਰਚਾਰ ਕਮੇਟੀ ਨੇ ਗੁਰਬਾਣੀ ਨਾਲ ਛੇੜ-ਛਾੜ ਕਰਨ ਦੇ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਜਲਦ ਇਕੱਤਰਤਾ ਬੁਲਾ ਕੇ ਆਦੇਸ਼ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਕੋਈ ਵੀ ਤਬਦੀਲ ਨਹੀਂ ਕਰ ਸਕਦਾ ਅਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਨੇ ਅਜਿਹਾ ਕਰਕੇ ਵੱਡੀ ਅਵੱਗਿਆ ਕੀਤੀ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਲਏ ਗਏ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਖੇ ਵੱਸਦੇ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਨੂੰ ਹਰ ਸਾਲ ਦੀ ਤਰ੍ਹਾਂ ਪੰਜਾਬ ਅੰਦਰ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜਸਥਾਨ ਦੇ ਅਲਵਰ ਤੋਂ ਪੁੱਜੀ ਮੰਗ ਅਨੁਸਾਰ 30 ਸਿਕਲੀਗਰ ਸਿੱਖ ਨੌਜੁਆਨਾਂ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸ਼੍ਰੋਮਣੀ ਕਮੇਟੀ ਦੇ ਖਰਚੇ ’ਤੇ ਲਿਆ ਕੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਜੀ ਗਲਰਜ਼ ਕਾਲਜ ਵਿਖੇ ਅੰਮ੍ਰਿਤਧਾਰੀ ਬੱਚੀਆਂ ਨੂੰ ਮੁਫ਼ਤ ਸਿੱਖਿਆ ਦੇ ਪ੍ਰੋਗਰਾਮ ਤਹਿਤ ਹੁਣ 200 ਦੀ ਥਾਂ 250 ਬੱਚੀਆਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਵੇਗੀ। ਇਸੇ ਦੌਰਾਨ ਧਰਮ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਦੇ ਨਾਲ-ਨਾਲ ਪੰਥਕ ਮਾਮਲਿਆਂ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ।

ਇਕੱਤਰਤਾ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ,  ਅਵਤਾਰ ਸਿੰਘ ਵਣਵਾਲਾ, ਤੇਜਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ,  ਮਨਜੀਤ ਸਿੰਘ ਬੱਪੀਆਣਾ, ਸਕੱਤਰ  ਮਹਿੰਦਰ ਸਿੰਘ ਆਹਲੀ, ਪਰਮਜੀਤ ਸਿੰਘ ਸਰੋਆ, ਵਰਿੰਦਰ ਸਿੰਘ ਠਰੂ, ਬਿਕਰਮਜੀਤ ਸਿੰਘ ਝੰਗੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸੌਂਪੇ ਸਰਟੀਫਿਕੇਟ

-PTC News

Related Post