ਕੁੱਲ 5 ਜਣਿਆਂ ਦੀ ਬਰਾਤ, ਲਾੜੇ ਨੇ ਬੁਲੇਟ 'ਤੇ ਬਿਠਾ ਕੇ ਲਿਆਂਦੀ ਲਾੜੀ

By  Panesar Harinder April 20th 2020 04:58 PM

ਪਠਾਨਕੋਟ - ਕੋਰੋਨਾ ਮਹਾਮਾਰੀ ਵਿਰੁੱਧ ਵਿਸ਼ਵ-ਵਿਆਪੀ ਜੰਗ ਵਿੱਚ ਜਿੱਥੇ ਲੌਕਡਾਊਨ ਕਾਰਨ ਲੋਕਾਂ ਵੱਲੋਂ ਪਰੇਸ਼ਾਨੀ ਹੋਣ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਲੌਕਡਾਊਨ ਦੌਰਾਨ ਅਨੇਕਾਂ ਲੋਕ ਬਿਨਾਂ ਇਕੱਠ ਕੀਤੇ ਸਾਦੇ ਵਿਆਹ ਕਰ ਕੇ, ਸਮਾਜ ਨੂੰ ਚੰਗੀ ਸੇਧ ਵੀ ਦੇ ਰਹੇ ਹਨ। ਅਜਿਹਾ ਹੀ ਇੱਕ ਵਿਆਹ ਪਠਾਨਕੋਟ ਵਿਖੇ ਹੋਇਆ ਹੈ ਜਿਸ 'ਚ ਇੱਕ ਬੈਂਕ ਮੁਲਾਜ਼ਮ ਲਾੜਾ ਆਪਣੀ ਲੈਕਚਰਾਰ ਪਤਨੀ ਨੂੰ ਮਹਿੰਗੀ ਕਾਰ ਦੀ ਬਜਾਏ ਬੁਲੇਟ ਮੋਟਰਸਾਈਕਲ 'ਤੇ ਵਿਆਹ ਕੇ ਲਿਆਇਆ ਹੈ।

ਬੈਂਕ ਮੁਲਾਜ਼ਮ ਲਾੜੇ ਅਭਿਨੰਦਨ ਨੇ ਦੱਸਿਆ ਕਿ ਉਸ ਦੀ ਸ਼ੁਰੂ ਤੋਂ ਹੀ ਇਹ ਖੁਆਇਸ਼ ਸੀ ਕਿ ਉਹ ਆਪਣੀ ਲਾੜੀ ਨੂੰ ਬੁਲੇਟ ਮੋਟਰਸਾਈਕਲ 'ਤੇ ਵਿਆਹ ਕੇ ਲਿਆਵੇ, ਅਤੇ ਉਸ ਦੀ ਇਹ ਰੀਝ ਪੂਰੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਭਾਂਵੇ ਕਿ ਲੌਕਡਾਊਨ ਦੇ ਕਾਰਨ ਅੱਜ ਕੱਲ੍ਹ ਲੋਕ ਸਾਦੇ ਵਿਆਹ ਕਰ ਰਹੇ ਹਨ, ਪਰ ਸਾਨੂੰ ਉਂਝ ਵੀ ਲੱਕ ਤੋੜ ਮਹਿੰਗਾਈ ਨੂੰ ਦੇਖਦੇ ਹੋਏ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਲਈ ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਦੋਵੇਂ ਧਿਰਾਂ ਖਰਚੇ ਤੋਂ ਵੀ ਬਚ ਜਾਂਦੀਆਂ ਹਨ ਅਤੇ ਇਸ ਨਾਲ ਦਾਜ ਪ੍ਰਥਾ ਵੀ ਰੁਕ ਸਕੇਗੀ। ਇੱਥੇ ਇਹ ਗੱਲ ਦੱਸਣੀ ਵੀ ਬੜੀ ਮਹੱਤਵਪੂਰਨ ਹੈ ਕਿ ਲਾੜੇ ਦੀ ਮਾਤਾ ਅਨੁਸਾਰ ਉਨ੍ਹਾਂ ਪਹਿਲਾਂ ਆਪਣੀਆਂ ਦੋ ਬੇਟੀਆਂ ਦੇ ਵਿਆਹ ਇਸੇ ਤਰ੍ਹਾਂ ਸਾਦੇ ਢੰਗ ਨਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਂਵੇ ਕਿ ਲੌਕਡਾਊਨ ਲੱਗਾ ਹੈ, ਪਰ ਸਾਡੀ ਹਮੇਸ਼ਾ ਹੀ ਸੋਚ ਸਾਦੇ ਅਤੇ ਕਰਜ਼ੇ ਰਹਿਤ ਵਿਆਹ ਵਾਲੀ ਹੀ ਰਹੀ ਹੈ।

ਇੱਥੇ ਇਹ ਵੀ ਗੱਲ ਬੜੀ ਅਹਿਮ ਹੈ ਕਿ ਇਸ ਵਿਆਹ ਵਿੱਚ ਕੋਈ ਇਕੱਠ ਨਹੀਂ ਕੀਤਾ ਗਿਆ, ਬਲਕਿ ਘਰ ਦੇ ਕੇਵਲ ਪੰਜ ਮੈਂਬਰ ਹੀ ਬਰਾਤ ਵਿੱਚ ਗਏ ਸਨ। ਇਲਾਕੇ ਵਿੱਚ ਇਸ ਵਿਆਹ ਦੇ ਬੜੇ ਚਰਚੇ ਹੋਪ ਰਹੇ ਹਨ, ਅਤੇ ਇਸ ਚੰਗੇ ਕਾਰਜ ਲਈ ਲੋਕੀ ਪਰਿਵਾਰ ਦੀ ਦਿਲੋਂ ਸ਼ਲਾਘਾ ਕਰ ਰਹੇ ਹਨ।

Related Post