6 ਸਾਲਾ ਬੱਚਾ ਬਣਿਆ 'ਹੀਰੋ' , ਕੋਰੋਨਾ ਨੂੰ ਦਿੱਤੀ ਮਾਤ

By  Kaveri Joshi April 6th 2020 02:33 PM

ਵਾਸ਼ਿੰਗਟਨ : 6 ਸਾਲਾ ਬੱਚਾ ਬਣਿਆ 'ਹੀਰੋ' , ਕੋਰੋਨਾ ਨੂੰ ਦਿੱਤੀ ਮਾਤ: ਵਿਸ਼ਵ-ਵਿਆਪੀ ਪੱਧਰ 'ਤੇ ਕੋਰੋਨਾ ਵਾਇਰਸ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ , ਹੁਣ ਤੱਕ ਸਮੁੱਚੇ ਵਿਸ਼ਵ 'ਚ 1,274,938 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿੰਨਾਂ 'ਚੋਂ 69,498 ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ ਅਤੇ 265,883 ਮਰੀਜ਼ ਠੀਕ ਵੀ ਹੋਏ ਹਨ । ਅਜਿਹੇ 'ਚ ਇੱਕ ਕੋਰੋਨਾ ਪੀੜਿਤ ਲੜਕੇ ਨੇ ਪੂਰੀ ਹਿੰਮਤ ਨਾਲ ਕੋਰੋਨਾ ਨੂੰ ਮਾਤ ਦੇ ਕੇ ਖੁਦ ਨੂੰ ਹੀਰੋ ਦੇ ਰੂਪ 'ਚ ਸਥਾਪਿਤ ਕੀਤਾ ਹੈ ।

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੀ , ਜਿੱਥੇ ਕੋਰੋਨਾ ਵਾਇਰਸ ਦੇ ਕੇਸਾਂ ਦੇ ਅੰਕੜੇ 336,851 ਤੱਕ ਪੁੱਜ ਗਏ ਹਨ ਪਰ ਉਥੋਂ ਦਾ 6 ਸਾਲਾ ਲੜਕਾ ਕੋਰੋਨਾ ਦੀ ਜੰਗ 'ਚ ਖੁਦ ਨੂੰ ਜੇਤੂ ਬਣਾ ਹਸਪਤਾਲ ਤੋਂ ਘਰ ਵਾਪਸ ਪਰਤਿਆ ਹੈ । ਇਹ ਜਾਣਕਾਰੀ ਲੜਕੇ ਦੀ ਮਾਂ ਵਲੋਂ ਸੋਸ਼ਲ ਮੀਡੀਆ ਜ਼ਰੀਏ ਸਭ ਨਾਲ ਸਾਂਝੀ ਕੀਤੀ ਗਈ ਹੈ ।

ਉਕਤ ਲੜਕਾ 'ਜੋਸੇਫ਼ ਬੋਸੇਨ' ਅਮਰੀਕਾ ਦੇ ਟੈਨੇਸੀ ਸੂਬੇ ਦਾ ਰਹਿਣ ਵਾਲਾ ਹੈ । ਜੋਸੇਫ਼ ਫੇਫੜੇ ਦੀ ਬਿਮਾਰੀ ਤੋਂ ਪੀੜਿਤ ਸੀ ਪਰ ਉਸਨੇ ਪੂਰੀ ਦਲੇਰੀ ਨਾਲ ਇਸ ਘਾਤਕ ਵਾਇਰਸ ਨਾਲ ਮੁਕਾਬਲਾ ਕੀਤਾ ਅਤੇ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ 'ਚ ਜਿੱਤ ਹਾਸਿਲ ਕੀਤੀ ਹੈ ,ਜਿਸਦੇ ਚਲਦੇ ਲੋਕ ਜੋਸੇਫ਼ ਦੀ ਹਿੰਮਤ ਦੀ ਦਾਤ ਦਿੰਦਿਆਂ ਉਸਨੂੰ ਪ੍ਰੇਮ ਅਤੇ ਸ਼ੁਭਕਾਮਨਾਵਾਂ ਭਰੇ ਸੰਦੇਸ਼ ਭੇਜ ਰਹੇ ਹਨ ਅਤੇ ਉਸਦੀ ਤਾਰੀਫ਼ ਕਰ ਰਹੇ ਹਨ ।

ਗੌਰਤਲਬ ਹੈ ਕਿ ਜੋਸੇਫ਼ ਨੂੰ ਖਾਂਸੀ ਅਤੇ ਜ਼ੁਕਾਮ ਦੀ ਸ਼ਿਕਾਇਤ ਹੋਣ ਮਗਰੋਂ ਸਥਾਨਿਕ ਬੱਚਿਆਂ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਟੈਸਟ ਉਪਰੰਤ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ । ਮੁਕੰਮਲ ਇਲਾਜ ਤੋਂ ਬਾਅਦ ਹੌਲੀ-ਹੌਲੀ ਉਸਦੀ ਸਿਹਤ 'ਚ ਸੁਧਾਰ ਹੋਇਆ ਅਤੇ ਠੀਕ ਹੋਣ ਤੋਂ ਬਾਅਦ ਵੀ ਉਹ 2 ਹਫ਼ਤੇ ਘਰ 'ਚ ਆਈਸੋਲੇਟ ਰਿਹਾ ।

'ਸਿਸਟਿਕ ਫਾਈਬ੍ਰੋਸਿਸ' ਨਾਮਕ ਫੇਫੜੇ ਦੀ ਬਿਮਾਰੀ ਤੋਂ ਪੀੜਿਤ ਜੋਸੇਫ਼ ਨੇ ਜਿਸ ਕਦਰ ਦਲੇਰੀ ਨਾਲ ਇੱਕ ਯੋਧੇ ਵਾਂਗ ਕੋਰੋਨਾ ਨੂੰ ਮਾਤ ਦਿੱਤੀ ਉਹ ਵਾਕੇਈ ਇਕ ਮਿਸਾਲ ਹੈ । ਦੱਸ ਦੇਈਏ ਕਿ ਕੋਰੋਨਾ ਵਰਗੀ ਘਾਤਿਕ ਮਹਾਂਮਾਰੀ ਨਾਲ ਪੂਰਾ ਵਿਸ਼ਵ ਹਿੱਲ ਚੁੱਕਾ ਹੈ , ਇਸਦੀ ਦਵਾਈ ਅਜੇ ਤੱਕ ਨਹੀਂ ਬਣੀ ਹੈ ਇਸ ਲਈ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ । ਦੁਨੀਆਂ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਦੇ ਖੋਜ 'ਚ ਲੱਗੇ ਹੋਏ ਹਨ ਇਸ ਦਾ ਇਕੋ ਇਕ ਹਲ ਹੈ ਕਿ ਖੁਦ ਨੂੰ ਘਰ 'ਚ ਬੰਦ ਰੱਖੋ ਤੇ ਸਮਾਜਿਕ ਦੂਰੀਆਂ ਬਣਾ ਕੇ ਰੱਖੋ , ਚੰਗਾ ਖਾਓ ਅਤੇ ਖੁਦ ਨੂੰ ਹਿੰਮਤੀ ਬਣਾਓ !

Related Post