ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ 'ਤੇ ਖਾਸ, ਜਾਣੋ ਅੱਜ ਦਾ ਇਤਿਹਾਸ

By  PTC NEWS August 19th 2020 03:07 PM -- Updated: August 19th 2020 03:15 PM

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥"

ਚਵਰ ਤਖ਼ਤ ਦੇ ਮਾਲਿਕ ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੀ ਕਲਿਆਣ ਤੇ ਮਨੁੱਖ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹੈ।ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿੱਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਤੇ ਕਲਿਆਣਕਾਰੀ ਉਪਦੇਸ਼ਾ ਤੋਂ ਸਰਬਤ ਦੇ ਭਲੇ ਦਾ ਪੇਗਾਮ ਸਮੁੱਚੀ ਮਾਨਵਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ ਮਿਲਦੇ ਹਨ ਸਭ ਮੁਬਾਰਕ ਨੇ ਸਮੂਹ ਧਰਮਾਂ ਦੇ ਇਤਿਹਾਸਾਂ ਵਿੱਚੋਂ ਸ੍ਰੀ ਗੂਰੂ ਗ੍ਰੰਥ ਸਾਹਿਬ ਇੱਕ ਅਜਿਹਾ ਪਾਵਨ ਗ੍ਰੰਥ ਹੈ ਜਿਸਦਾ ਰੋਜ਼ਾਨਾ ਪ੍ਰਕਾਸ਼ ਤੇ ਸੁੱਖਆਸਨ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਤੇ ਲੱਖਾਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਛੇ ਗੁਰੂ ਸਾਹਿਬਾਨ ਸਮੇਤ ਭਗਤਾਂ, ਭੱਟਾਂ ਅਤੇ ਮਹਾਪੁਰਖਾਂ ਦੀ ਪਾਵਨ ਬਾਣੀ ਸ਼ਾਮਲ ਹੈ। 'ਧੁਰ ਕੀ ਬਾਣੀ' ਦੇ ਅਨਮੋਲ ਖਜ਼ਾਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਕਰਵਾਈ। ਸੰਮਤ 1660 (1603 ਈਸਵੀ) ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਥਾਨ 'ਤੇ ਸੰਪਾਦਨਾ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਆਰੰਭ ਕਰਵਾਇਆ ਤੇ ਲਿਖਣ ਦੀ ਸੇਵਾ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਮਤ 1661 (1604 ਈਸਵੀ) ਨੂੰ ਇਹ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਭਾਦੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ।

ਸੇਵਾ-ਸੰਭਾਲ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਅਤੇ ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ 'ਚ ਜੋੜਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤਾਂ, 4 ਗੁਰਸਿੱਖਾਂ ਅਤੇ 11 ਭੱਟ ਸਾਹਿਬਾਨ ਦੀ ਬਾਣੀ 31 ਰਾਗਾਂ ਵਿਚ ਦਰਜ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਲੈਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ । ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਵਿੱਚ ਸਕੂਲੀ ਬੱਚੇ, ਸਕੂਲੀ ਬੈਂਡ, ਮਿਲਟਰੀ ਬੈਂਡ, ਵੱਖ ਵੱਖ ਗੱਤਕਾ ਪਾਰਟੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ।

ਸ੍ਰੀ ਹਰਿਮੰਦਰ ਸਾਹਿਬ ਨੂੰ 25 ਟਨ ਫੁੱਲਾਂ ਨਾਲ ਸਜਾਇਆ ਗਿਆ । ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ ਤੋਂ ਫੁੱਲਾਂ ਨੂੰ ਮੰਗਵਾਇਆ ਗਿਆ । ਜਿਨਾਂ ਵਿੱਚ ਮੈਰੀਗੋਲਡ,ਰਜਨੀਗੰਧਾ, ਜੈਸਮੀਨ,ਗੁਲਾਬ, ਲਿਲੀ, ਰੇਵਲ, ਜਿਪਸੋ ਆਦਿ 30 ਕਿਸਮ ਦੇ ਫੁੱਲ ਤੇ 16 ਤਰਾਂ ਦੇ ਪੱਤੇ ਸ਼ਾਮਲ ਹਨ।

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਬਾਰ, ਦਰਸ਼ਨੀ ਡਿਓੜੀ ਤੋਂ ਪੁਲ ਤੱਕ, ਪਰਿਕਰਮਾ, ਸ੍ਰੀ ਅਕਾਲ ਤਖਤ ਸਮੇਤ ਸਮੂਹ ਗੁਰਦੁਆਰਾ ਸਾਹਿਬ ਨੂੰ ਬੜੇ ਹੀ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ । ਫੁੱਲਾਂ ਨਾਲ ਕੀਤੀ ਜਾਣ ਵਾਲੀ ਸਜਾਵਟ ਦੇ ਲਈ ਕਲਕੱਤਾ ਅਤੇ ਦਿੱਲੀ ਤੋਂ ਖਾਸ ਤੌਰ ਤੇ 80 ਕਾਰੀਗਰ ਬੁਲਾਏ ਗਏ ਜਿਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕੰਮ ਨੇਪਰੇ ਚਾੜਿਆ।

ਪੀਟੀਸੀ ਅਦਾਰੇ ਵੱਲੋਂ ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।

Related Post