ਖੁਦ ਨਾ ਜਾ ਸਕੇ ਤਾਂ ਚਿੱਤਰਕਾਰੀ ਜ਼ਰੀਏ ਬਿਆਨ ਕੀਤਾ ਕਿਸਾਨੀ ਸੰਘਰਸ਼

By  Jagroop Kaur December 24th 2020 08:01 PM

ਫਰੀਦਕੋਟ : ਕੇਂਦਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਵੀ ਸਮਰਥਨ ਮਿਲ ਰਿਹਾ ਅਜਿਹੇ ’ਚ ਹਰ ਕੋਈ ਆਪਣੇ ਹਿਸਾਬ ਨਾਲ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ। ਉਥੇ ਹੀ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਰਹਿਣ ਵਾਲੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਗੁਲਵੰਤ ਸਿੰਘ ਨੇ ਵੀ ਆਪਣੇ ਅੰਦਾਜ਼ ’ਚ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ ਹੈ। ਗੁਲਵੰਤ ਸਿੰਘ ਨੇ ਕਿਸਾਨ ਸੰਘਰਸ਼ ਅਤੇ ਭਾਰਤੀ ਹਕੂਮਤ ਦੇ ਰੱਵਈਏ ਨੂੰ ਦਰਸਾਉਂਦੀ ਇਕ ਪੇਂਟਿੰਗ ਬਣਾ ਕੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ ਹੈ।ਜਿਸ ਵਿਚ ਉਸ ਨੇ ਖੁਸ਼ਹਾਲ ਪੰਜਾਬ ਦਾ ਨਕਸ਼ਾ ਵੀ ਬਣਾਇਆ ਹੈ, ਜਿਸ ਜਗ੍ਹਾ ਬੈਠ ਕੇ ਭਾਰਤੀ ਹਕੂਮਤ ਨੇ ਕਾਲੇ ਕਾਨੂੰਨ ਪਾਸ ਕੀਤੇ ਉਸ ਪਾਰਲੀਮੈਂਟ ਦਾ ਨਕਸ਼ਾ ਵੀ ਦਿਖਿਆ ਹੈ।ਸੰਘਰਸ਼ ਕਰਦੇ ਕਿਸਾਨ ਵੀ ਵਿਖਾਏ ਹਨ। ਧਰਨੇ ’ਚ ਪਹੁੰਚੇ ਨਿਹੰਗ ਸਿੰਘਾਂ ਦੇ ਜਥੇ ਵੀ ਦਰਸਾਏ ਹਨ, ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਵੀ ਵਿਖਾਏ ਨੇ ਅਤੇ ਸ਼ਹੀਦ ਹੋਏ ਕਿਸਾਨਾਂ ਦਾ ਜ਼ਿਕਰ ਵੀ ਇਸ ਪੇਟਿੰਗ ਵਿਚ ਹੈ।

SC ‘ਚ ਚੱਲ ਰਹੀ ਪਟੀਸ਼ਨ ਦੇ ਮਾਮਲੇ ‘ਚ 42 ਕਿਸਾਨ ਜਥੇਬੰਦੀਆਂ ਨੂੰ ਬਣਾਇਆ ਧਿਰ

ਨਾਲ ਹੀ ਇਸ ਪੇਟਿੰਗ ’ਚ ਉਨ੍ਹਾਂ ਮੀਡੀਆ ਦੀ ਤਸਵੀਰ ਵੀ ਬਣਾਈ ਹੈ ਜੋ ਕਿਸਾਨ ਅੰਦੋਲਨ ਦੀ ਹਰ ਇਕ ਗਤੀਵਿਧੀ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕੇਂਦਰੀ ਹਕੂਮਤ ਦੇ ਮੰਤਰੀਆਂ ਦੇ ਹੱਸਦੇ ਚਿਹਰੇ ਇਸ ਪੇਟਿੰਗ ਵਿਚ ਬਣਾ ਕੇ ਕੇਂਦਰੀ ਹਕੂਮਤ ਦੀ ਮਾਨਸਿਕਤਾ ਵੀ ਉਜਾਗਰ ਕੀਤੀ ਹੈ।

 

ਚਿੱਤਰਕਾਰ ਗੁਲਵੰਤ ਸਿੰਘ ਨੇ ਕਿਹਾ ਕਿ ਉਹ ਖੁਦ ਭਾਵੇਂ ਦਿੱਲੀ ਨਹੀ ਜਾ ਸਕਿਆ ਪਰ ਦੇਸ਼ ਦੇ ਅੰਨਦਾਤੇ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਵਿੱਢੇ ਹੋਏ ਸੰਘਰਸ਼ ’ਚ ਹਿੱਸਾ ਪਾਉਣ ਲਈ ਉਹਨਾਂ ਇਹ ਉਪਰਾਲਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਵੀਰਾਂ ਦੀਆਂ ਮੰਗਾਂ ਮੰਨੇ ਅਤੇ ਕਿਸਾਨਾਂ ਦੇ ਵਿਰੋਧ ਵਿਚ ਬਣਾਏ ਗਏ ਕਾਨੂੰਨ ਰੱਦ ਕਰੇ।

Related Post