ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕਰੇਗੀ ਗੁਰਮਤਿ ਸਬੰਧੀ ਵੱਖ -ਵੱਖ ਕੋਰਸ :  ਬੀਬੀ ਜਗੀਰ ਕੌਰ  

By  Shanker Badra May 19th 2021 03:51 PM

ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕਰਨ ਦੇ ਕੀਤੇ ਐਲਾਨ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਇਕ ਉੱਚ ਤਾਕਤੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਵਿਸਥਾਰਤ ਰਿਪੋਰਟ ਅਨੁਸਾਰ ਕਾਰਜ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਨਾਂ ਵੀ ਗੁਰੂ ਸਾਹਿਬ ਦੇ ਨਿਕਟਵਰਤੀ ਸਿੱਖਾਂ ਦੇ ਨਾਂ ’ਤੇ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਦੇ ਹਾਣੀ ਬਣ ਕੇ ਚੱਲਣਾ ਬੇਹੱਦ ਜ਼ਰੂਰੀ ਹੈ ਅਤੇ ਸ਼੍ਰੋਮਣੀ ਕਮੇਟੀ ਗੁਰਮਤਿ ਸਬੰਧੀ ਵੱਖ-ਵੱਖ ਅਡਵਾਂਸਡ ਕੋਰਸ ਸ਼ੁਰੂ ਕਰੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚਿਊਟ ਬਹਾਦਰਗੜ੍ਹ ਪਟਿਆਲਾ ਵਿਖੇ ਪਹਿਲਾਂ ਹੀ ਗੁਰਦੁਆਰਾ ਮੈਨੇਜਮੈਂਟ ਕੋਰਸ ਚੱਲ ਰਿਹਾ ਹੈ, ਜਦਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਯੂਨੀਵਰਸਿਟੀ ਵਿਖੇ ਅਜਿਹੇ ਹੋਰ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤਹਿਤ ਸਕੂਲ ਆਫ਼ ਗੁਰਮਤਿ ਐਜੂਕੇਸ਼ਨ ਐਂਡ ਰੀਸਰਚ, ਸਕੂਲ ਆਫ਼ ਅਡਵਾਂਸਡ ਸਟੱਡੀਜ਼ ਇੰਨ ਸਿੱਖਇਜ਼ਮ, ਗੁਰਮਤਿ ਸੰਚਾਰ ਅਤੇ ਪ੍ਰਚਾਰ ਕੇਂਦਰ (ਮੀਡੀਆ ਸੈਂਟਰ) ਅਤੇ ਸਿੱਖ ਆਰਕਾਈਵਜ਼ ਆਦਿ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕਰਨ, ਗੁਰੂ ਸਾਹਿਬ ਨਾਲ ਸਬੰਧਤ ਖੋਜ ਕਾਰਜ ਕਰਵਾਉਣ ਅਤੇ ਗੁਰਮਤਿ ਸਬੰਧੀ ਨਵੇਂ ਕੋਰਸ ਸ਼ੁਰੂ ਕਰਨ ਲਈ ਸਬ-ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਇਸ ਕਮੇਟੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨੁਮਾਇੰਦੇ, ਧਰਮ ਪ੍ਰਚਾਰ ਕਮੇਟੀ ਦਾ ਇੱਕ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਸ਼ਾਮਲ ਹੋਣਗੇ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਸਿੱਖ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਨਵੇਂ ਦ੍ਰਿਸ਼ਟੀਕੋਣਾਂ, ਨਵੀਆਂ ਵਿਧੀਆਂ ਤੇ ਤਕਨੀਕਾਂ ਨਾਲ ਕਰਨ ਲਈ ਅਜਿਹੇ ਗੁਰਮਤਿ ਦੇ ਕੋਰਸ ਬੇਹੱਦ ਜ਼ਰੂਰੀ ਹਨ, ਜੋ ਸਿੱਖ ਨੌਜੁਆਨੀ ਨੂੰ ਵੱਖ-ਵੱਖ ਖੇਤਰਾਂ ਲਈ ਤਿਆਰ ਕਰਨ। ਅੱਜ ਹਰ ਖੇਤਰ ਵਿਚ ਕੰਮ ਕਰਨ ਵਾਲੇ ਸਿੱਖ ਗੁਰਮਤਿ ਤੋਂ ਵਾਕਫ਼ ਹੋਣੇ ਜ਼ਰੂਰੀ ਹਨ, ਜਿਸ ਦੀ ਸੇਧ ਵਿਚ ਸ਼੍ਰੋਮਣੀ ਕਮੇਟੀ ਕਾਰਜ ਕਰੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸੇ ਦੌਰਾਨ ਦੱਸਿਆ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਵੀ ਜਲਦ ਨਵੇਂ ਰੂਪ ਵਿਚ ਸੰਗਤ ਸਾਹਮਣੇ ਲਿਆਉਣ ਲਈ ਯਤਨ ਤੇਜ਼ ਕੀਤੇ ਗਏ ਹਨ। ਇਥੇ ਤਿਆਰ ਕੀਤੀ ਗਈ ਇਮਾਰਤ ਨੂੰ ਪਾਰਦਰਸ਼ੀ ਬਣਾ ਕੇ ਸੰਗਤ ਲਈ ਖੋਲ੍ਹਣ ਦੀ ਅਗਲੀ ਕਾਰਵਾਈ ਲਈ ਸਬ-ਕਮੇਟੀ ਬਣਾਈ ਜਾ ਰਹੀ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਬੰਧ ਵਿਚ ਜਲਦ ਹੀ ਨਤੀਜੇ ਸਾਹਮਣੇ ਆਉਣਗੇ। ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਆਸਟ੍ਰੇਲੀਆ ਅੰਦਰ ਸਿੱਖ ਕਕਾਰ ਕਿਰਪਾਨ ’ਤੇ ਸਕੂਲਾਂ ਅੰਦਰ ਪਾਬੰਦੀ ਦੇ ਮਾਮਲੇ ’ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਦਿੱਲੀ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖ ਜੀਵਨ-ਜਾਚ ਦਾ ਅਹਿਮ ਹਿੱਸਾ ਹੈ, ਜਿਸ ’ਤੇ ਰੋਕ ਲਗਾਉਣੀ ਬੇਹੱਦ ਦੁਖਦਾਈ ਹੈ।

-PTCNews

Related Post