ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਵਫ਼ਦ ਲੰਗਰ ਉੱਤੇ ਜੀਐਸਟੀ ਛੋਟ ਅਤੇ ਹੋਰ ਸਿੱਖ ਮੁੱਦਿਆਂ ਬਾਰੇ ਅਮਿਤ ਸ਼ਾਹ ਨੂੰ ਮਿਲਿਆ

By  Joshi March 23rd 2018 11:41 AM

ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਵਫ਼ਦ ਲੰਗਰ ਉੱਤੇ ਜੀਐਸਟੀ ਛੋਟ ਅਤੇ ਹੋਰ ਸਿੱਖ ਮੁੱਦਿਆਂ ਬਾਰੇ ਅਮਿਤ ਸ਼ਾਹ ਨੂੰ ਮਿਲਿਆ

ਚੰਡੀਗੜ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਨਵੀ ਦਿੱਲੀ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲੇ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਗੱਲਬਾਤ ਕਰਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਲੰਗਰ ਲਈ ਇਸਤੇਮਾਲ ਹੁੰਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਵਾਉਣ।

ਸਰਦਾਰ ਬਾਦਲ ਅਕਾਲੀ ਦਲ ਦੇ ਇੱਕ ਵਫਦ ਨੂੰ ਲੈ ਕੇ ਭਾਜਪਾ ਮੁਖੀ ਨੂੰ ਮਿਲੇ। ਇਸ ਵਫ਼ਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀਕੇ, ਸੀਨੀਅਰ ਅਕਾਲੀ ਆਗੂ ਅਤੇ ਸਾਂਸਦ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਸ਼ਾਮਿਲ ਸਨ।

ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਚੰਡੀਗੜ• ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਦਾਰ ਬਾਦਲ ਨੇ ਭਾਜਪਾ ਪ੍ਰਧਾਨ ਦਾ ਧਿਆਨ ਦੂਜੇ ਸੰਵੇਦਨਸ਼ੀਲ ਸਿੱਖ ਮੁੱਦਿਆਂ ਜਿਵੇਂ ਦੁਨੀਆਂ ਦੇ ਦੂਜੇ ਹਿੱਸਿਆਂ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਿਚ ਰਹਿੰਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਵੀ ਦਿਵਾਇਆ। ਸਰਦਾਰ ਬਾਦਲ ਨੇ ਇਹਨਾਂ ਮੁੱਦਿਆਂ ਪ੍ਰਤੀ ਸ੍ਰੀ ਅਮਿਤ ਸ਼ਾਹ ਦੇ ਹੁੰਗਾਰੇ ਨੂੰ ਹਾਂ-ਪੱਖੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਮੁਖੀ ਨੇ ਬਹਾਦਰ ਅਤੇ ਦੇਸ਼-ਭਗਤ ਸਿੱਖ ਭਾਈਚਾਰੇ ਨੂੰ ਹਰ ਮੁੱਦੇ ਉੱਤੇ ਇਨਸਾਫ ਅਤੇ ਬਰਾਬਰੀ ਦਿਵਾਉਣ ਲਈ ਹਰ ਸੰਭਵ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਅਸੀ ਭਾਜਪਾ ਮੁਖੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉੁਹ ਭਾਰਤ ਸਰਕਾਰ ਕੋਲੋਂ ਜੀਐਸਟੀ ਛੋਟ ਦੀ ਮੰਗ ਮਨਵਾਉਣ ਲਈ ਆਪਣਾ ਰਸੂਖ ਵਰਤਣ, ਕਿਉਂਕਿ ਇਸ ਸਿਰਫ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦੇ ਜਜ਼ਬਾਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਸੰਵੇਦਨਸ਼ੀਲ ਅਤੇ ਪਵਿੱਤਰ ਧਾਰਮਿਕ ਮੁੱਦਾ ਹੀ ਨਹੀਂ ਹੈ, ਸਗੋਂ ਇਹ ਸ੍ਰੀ ਦਰਬਾਰ ਸਾਹਿਬ ਨੂੰ 'ਸਮੁੱਚੀ ਮਨੁੱਖਤਾ ਲਈ ਪਵਿੱਤਰ ਸਥਾਨ' ਮੰਨਣ ਵਾਲੇ ਦੂਜੇ ਭਾਈਚਾਰਿਆਂ ਦੇ ਜਜ਼ਬਾਤਾਂ ਦੀ ਵੀ ਤਰਜਮਾਨੀ ਕਰਦਾ ਹੈ। ਉਹਨਾਂ ਕਿਹਾ ਕਿ ਵਫਦ ਨੇ ਸ੍ਰੀ ਸ਼ਾਹ ਨੂੰ ਜਾਣੂ ਕਰਵਾਇਆ ਕਿ ਜੀਐਸਟੀ ਨਾਲ ਸ੍ਰੀ ਦਰਬਾਰ ਸਾਹਿਬ ਉੱਤੇ ਭਾਰੀ ਬੋਝ ਪੈ ਗਿਆ ਹੈ, ਕਿਉਂਕਿ ਸਮੁੱਚੀ ਮਨੁੱਖਤਾ ਦੀ ਸੇਵਾ ਦੇ ਪਵਿੱਤਰ ਕਾਰਜ ਲਈ ਰੱਖਿਆ ਕਰੋੜਾਂ ਰੁਪਿਆ ਟੈਕਸ ਵਿਚ ਚਲਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਹਰ ਸਮੇਂ ਹਰ ਧਰਮ, ਜਾਤ, ਭਾਈਚਾਰੇ, ਸੂਬੇ ਅਤੇ ਦੇਸ਼ ਦੇ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ। ਇਸ ਮਾਮਲੇ ਵਿਚ ਸਿੱਖਾਂ ਦੇ ਗੁਰਦੁਆਰੇ ਪੂਰੀ ਦੁਨੀਆਂ ਅੰਦਰ ਨਿਰਾਲੇ ਹਨ।

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਦੁਨੀਆਂ ਵਿਚ ਸਭ ਤੋਂ ਵੱਡੇ ਮੁਫਤ ਲੰਗਰ ਵਜੋਂ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਉਸ ਸਮੇਂ ਲੜਾਈ ਲੜ ਰਹੀਆਂ ਹਨ, ਜਦੋਂ ਤੋਂ ਜੀਐਸਟੀ ਲਾਗੂ ਕੀਤਾ ਗਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਲੰਗਰ ਦੀ ਪਵਿੱਤਰ ਸੇਵਾ ਨੂੰ ਦੂਜੀਆਂ ਟੈਕਸਯੋਗ ਸੇਵਾਵਾਂ ਵਿਚ ਨਹੀਂ ਸ਼ਾਮਿਲ ਕਰਨਾ ਚਾਹੀਦਾ। ਇਹ ਮਨੁੱਖਤਾ ਦੀ ਸੇਵਾ ਦੀ ਇੱਕ ਬਹੁਤ ਹੀ ਨਿਵੇਕਲੀ ਅਤੇ ਪਵਿੱਤਰ ਵੰਨਗੀ ਹੈ, ਜਿਹੜੀ ਵਿਸ਼ੇਸ਼ ਪਹੁੰਚ ਦੀ ਹੱਕਦਾਰ ਹੈ।

—PTC News

Related Post