'ਆਪ੍ਰੇਸ਼ਨ ਬਲਿਊ ਸਟਾਰ' ਦਾ ਕਾਤਲਾਨਾ ਹਮਲਾ ਭੁਲਾਇਆਂ ਨਹੀਂ ਭੁਲਾਇਆ ਜਾ ਸਕਦਾ - ਸੁਖਬੀਰ ਸਿੰਘ ਬਾਦਲ

By  Joshi June 6th 2018 12:14 PM -- Updated: June 6th 2018 12:17 PM

'ਆਪ੍ਰੇਸ਼ਨ ਬਲਿਊ ਸਟਾਰ' ਦਾ ਕਾਤਲਾਨਾ ਹਮਲਾ ਭੁਲਾਇਆਂ ਨਹੀਂ ਭੁਲਾਇਆ ਜਾ ਸਕਦਾ - ਸੁਖਬੀਰ ਸਿੰਘ ਬਾਦਲ ਅੱਜ ਸਾਕਾ ਨੀਲਾ ਤਾਰਾ ਦੀ ਬਰਸੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰ ਕੇ ਉਸ ਕਾਲੇ ਦੌਰ ਨੂੰ ਯਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ 'ਆਪ੍ਰੇਸ਼ਨ ਬਲਿਊ ਸਟਾਰ' ਦਾ ਕਾਤਲਾਨਾ ਹਮਲਾ ਭੁਲਾਇਆਂ ਨਹੀਂ ਭੁਲਾਇਆ ਜਾ ਸਕਦਾ ਪਰ ਸਮੇਂ ਦੀ ਮੰਗ ਇਹ ਹੈ ਕਿ ਇਸ ਦੁਖਦ ਕਾਤਲਾਨਾ ਹਮਲੇ ਤੋਂ ਸਿੱਖਿਆ ਲੈ ਕੇ ਸਿੱਖਾਂ ਨੂੰ ਕੌਮੀ ਏਕਤਾ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ "ਮੇਰੀ ਜ਼ਿੰਦਗੀ ਵਿੱਚੋਂ ਕਦੀ ਵੀ ਆਪ੍ਰੇਸ਼ਨ ਬਲਿਊ ਸਟਾਰ ਦਾ ਕਾਤਲਾਨਾ ਹਮਲਾ ਭੁੱਲ ਨਹੀਂ ਸਕਦਾ। ਹਰ ਸਾਲ 6 ਜੂਨ ਦੇ ਦਿਨ ਮੇਰੇ ਅੰਤਰਮਨ 'ਚ ਅਨੇਕਾਂ ਸਵਾਲ ਉੱਠ ਖਲੋਂਦੇ ਹਨ ਅਤੇ ਅਨੇਕਾਂ ਅਣਸੁਲਝੀਆਂ ਕਸ਼ਮਕਸ਼ਾਂ ਮੇਰੇ ਮਨ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗਦੀਆਂ ਹਨ। 6 ਜੂਨ ਦੇ ਦਿਨ ਟੈਂਕਾਂ ਦੇ ਗੋਲਿਆਂ ਨਾਲ ਇੱਕ ਸੋਚੀ ਸਮਝੀ ਸਾਜਿਸ਼ ਨਾਲ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ ਸੀ। ਉਹ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸ ਪਵਿੱਤਰ ਅਸਥਾਨ ਉੱਤੇ ਸ਼ਰਧਾ ਨਾਲ ਫੁੱਲਾਂ ਦੇ ਹਾਰ ਚੜ੍ਹਾ ਕੇ ਸਿੱਖ ਸੀਸ ਨਿਵਾਉਂਦੇ ਸੀ, ਉਸ ਅਸਥਾਨ ਉੱਤੇ ਫੌਜ ਨੇ ਟੈਂਕਾਂ ਨਾਲ ਗੋਲ਼ੇ ਦਾਗੇ, ਅਤੇ ਉਹ ਵੀ ਦੇਸ਼ ਦੀ ਕੇਂਦਰ ਦੀ ਕਾਂਗਰਸ ਸਰਕਾਰ ਦੇ ਹੁਕਮਾਂ 'ਤੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਨਤਮਸਤਕ ਹੋਣ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ। ਬੀਤੇ ਸਮੇਂ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ, ਪਰ ਇਸ ਦੁਖਦ ਕਾਤਲਾਨੇ ਹਮਲੇ ਤੋਂ ਸਿੱਖਿਆ ਲੈ ਕੇ ਸਿੱਖਾਂ ਨੂੰ ਕੌਮੀ ਏਕਤਾ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਕਾਤਲਾਨਾ ਹਮਲੇ ਦੌਰਾਨ ਸ਼ਹੀਦ ਹੋਈ ਸੰਗਤ ਦੀ ਕੁਰਬਾਨੀ ਨੂੰ ਪ੍ਰਣਾਮ !" ਅੱਜ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ '੮੪ ਦੇ ਸ਼ਹੀਦਾਂ ਨੂੰ ਯਾਦ ਕਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। —PTC News

Related Post