ਸੁਖਬੀਰ ਸਿੰਘ ਬਾਦਲ ਵੱਲੋਂ ਕਾਬੁਲ ਵਿਚ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਵਹਿਸ਼ੀ ਹਮਲੇ ਦੀ ਨਿਖੇਧੀ

By  Shanker Badra March 25th 2020 03:59 PM

ਸੁਖਬੀਰ ਸਿੰਘ ਬਾਦਲ ਵੱਲੋਂ ਕਾਬੁਲ ਵਿਚ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਵਹਿਸ਼ੀ ਹਮਲੇ ਦੀ ਨਿਖੇਧੀ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਬੁਲ ਵਿਖੇ ਗੁਰਦੁਆਰਾ ਹਰਿ ਰਾਏ ਉੱਤੇ ਕੀਤੇ ਗਏ ਵਹਿਸ਼ੀ ਹਮਲੇ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉੁੱਥੇ ਵਸਦੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਕੋਲ ਤੁਰੰਤ ਉਠਾਉਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਦੇ ਅਨੁਸਾਰ 11 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ 150 ਤੋਂ ਵੱਧ ਸਿੱਖਾਂ ਨੇ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਲਈ ਹੋਈ ਹੈ।

ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਤੁਰੰਤ ਬਚਾਉਣ ਦੀ ਲੋੜ ਹੈ ਅਤੇ ਇਸ ਕਾਇਰਾਨਾ ਅਤੇ ਘਿਨੌਣੇ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅਫਗਾਨਿਤਸਾਨ ਵਿਚ ਸਿੱਖਾਂ ਨੂੰ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜਬਰੀ ਵਿਆਹ ਅਤੇ ਧਰਮ ਤਬਦੀਲੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉੁਹਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਪਰੰਤੂ ਉਹਨਾਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ।

ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹਜ਼ਾਰਾਂ ਸਿੱਖਾਂ ਨੇ ਇਸ ਦੇਸ਼ ਨੂੰ ਛੱਡ ਕੇ ਭਾਰਤ ਵਿਚ ਸ਼ਰਨ ਲੈ ਲਈ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਤਮਘਾਤੀ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 2018 ਵਿਚ ਅਜਿਹੇ ਹੀ ਇੱਕ ਬੰਬ ਧਮਾਕੇ ਵਿਚ ਜਲਾਲਾਬਾਦ ਵਿਖੇ ਦਰਜਨ ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਅਫਗਾਨਿਸਤਾਨ ਵਿਚ ਗੁਰਦੁਆਰਿਆਂ ਨੇੜੇ ਤੇੜੇ ਸਿਰਫ 300 ਸਿੱਖ ਪਰਿਵਾਰ ਰਹਿੰਦੇ ਹਨ।

ਅਕਾਲੀ ਦਲ ਪ੍ਰਧਾਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਇੱਕ ਜਨਤਕ ਅਪੀਲ ਕੀਤੀ ਹੈ ਕਿ ਉਹ ਕੱਟੜਵਾਦੀ ਧਿਰਾਂ ਵੱਲੋ ਸਿੱਖਾਂ ਉੁੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਜਰੂਰੀ ਕਦਮ ਚੁੱਕਣ। ਰਾਸ਼ਟਰਪਤੀ ਲਈ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਹੈ ਕਿ ਕੱਟੜਵਾਦੀਆਂ ਦੁਆਰਾ ਹਿੰਸਾ ਰਾਹੀਂ ਜਿਹਨਾਂ ਸਿੱਖਾਂ ਨੂੰ ਬੇਘਰ ਕੀਤਾ ਜਾ ਚੁੱਕਿਆ ਹੈ, ਉਹਨਾਂ ਦਾ ਮੁੜ ਵਸੇਬਾ ਕਰਨਾ ਚਾਹੀਦਾ ਹੈ।

-PTCNews

Related Post