ਕਿਸਾਨ ਕਰਜ਼ਾ ਮੁਆਫੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਕਸਿਆ ਤਨਜ਼

By  Riya Bawa November 30th 2021 06:05 PM -- Updated: November 30th 2021 06:08 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਨ ਲਿਆ ਹੈ ਕਿ ਕਾਂਗਰਸ ਸਰਕਾਰ ਦਾ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੇ ਪੂਰਨ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੁੰ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਤੇ ਉਹਨਾਂ ਨੇ ਚੰਨੀ ’ਤੇ ਆਪਣੇ ਵਾਅਦੇ ਤੋਂ ਭੱਜਣ ਲਈ ਜ਼ਿੰਮੇਵਾਰੀ ਕੇਂਦਰ ਸਰਕਾਰ ਸੁੱਟਣ ਵਾਸਤੇ ਤਰਕੀਬਾਂ ਲਾਉਣ ਤੇ ਧੋਖੇਬਾਜ਼ੀ ਕਰਨ ਦਾ ਦੋਸ਼ ਲਗਾਇਆ।

ਇਸ ਮਾਮਲੇ ਵਿਚ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੁੰ ਪੱਤਰ ਲਿਖਣ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਪੰਜਾਬ ਦੇ ਕਿਸਾਨਾਂ ਨੂੰ ਦੋਹਰਾ ਝਟਕਾ ਦੇਣਾ ਚਾਹੁੰਦੀ ਹੈ। 2017 ਦੀਆਂ ਚੋਣਾਂ ਵੇਲੇ ਉਸ ਵੇਲੇ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਝਾਂਸੇ ਵਿਚ ਫਸਾਇਆ ਸੀ ਕਿ ਕਾਂਗਰਸ ਸਰਕਾਰ ਉਹਨਾਂ ਦਾ ਪੂਰਾ ਕਰਜ਼ਾ ਮੁਆਫ ਕਰੇਗੀ। ਹੁਣ ਕਿਸਾਨਾਂ ਨੂੰ ਧੋਖਾ ਦੇਣ ਤੇ ਉਹਨਾਂ ਨਾਲ ਵਿਸ਼ਵਾਘਾਤ ਕਰਨ ਤੋਂ ਚੰਨੀ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਇਸ ਝਾਂਸੇ ਵਿਚ ਲਿਆਉਣਾ ਚਾਹੁੰਦੇ ਹਨ ਕਿ ਉਹਨਾਂ ਦਾ ਕਰਜ਼ਾ ਕੇਂਦਰ ਸਰਕਾਰ ਵੱਲੋਂ ਮੁਆਫ ਕੀਤਾ ਜਾਵੇਗਾ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ’ਤੇ ਕਿਸਾਨਾਂ ਦੇ ਨਾਲ ਨਾਲ ਮਨੁੱਖਤਾ ਖਿਲਾਫ ਵੀ ਅਪਰਾਧ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਚੰਨੀ ਦੀ ਚਿੱਠੀ ਕਾਗਜ਼ ਦੇ ਉਸ ਟੁਕੜੇ ਤੋਂ ਵੱਧ ਨਹੀਂ ਜਿਸ ’ਤੇ ਇਹ ਛਾਪੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਰਿਕਾਰਡ ਦਾ ਹਿੱਸਾ ਹੈ ਕਿ ਕਾਂਗਰਸ ਪਾਰਟੀ ਨੇ ਹੀ ਕਿਸਾਨਾਂ ਨੁੰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਨਾ ਕਿ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਸੀ। ਉਹਨਾਂ ਕਿਹਾ ਕਿ ਪੂਰਨ ਕਰਜ਼ਾ ਮੁਆਫੀ ਨੂੰ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਵੀ ਬਣਾਇਆ ਗਿਆ ਸੀ ਤੇ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੀ ਹੈ ਜਿਸਦੀ ਜ਼ਿੰਮੇਵਾਰੀ ਇਸਨੂੰ ਪੂਰਾ ਕਰਨ ਦੀ ਬਣਦੀ ਹੈ ਨਾ ਕਿ ਕੇਂਦਰ ਸਰਕਾਰ ਦੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਅੱਧੀ ਜ਼ਿੰਮੇਵਾਰੀ ਚੁੱਕਣ ਲਈ ਆਖਣਾ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੈ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਚਿੱਠੀ ਦਾ ਕੋਈ ਤੁੱਕ ਬਣਦਾ ਤੇ ਇਸ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਚਿੱਠੀ ਨਾਲ ਕਾਂਗਰਸ ਪਾਰਟੀ ਨੂੰ ਇਸ ਮਾਮਲੇ ’ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਅੱਧੀ ਜ਼ਿੰਮੇਵਾਰੀ ਨਾ ਚੁੱਕਣ ਦਾ ਬਹਾਨਾ ਮਿਲ ਜਾਵੇਗਾ ਤੇ ਉਹ ਰਾਜਨੀਤੀ ਕਰਦੀ ਰਹੇਗੀ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਪਵਿੱਤਰ ਵਾਅਦੇ ਨੁੰ ਪੂਰਾ ਕਰਨ ਤੋਂ ਨਾ ਭੱਜਣ। ਉਹਨਾਂ ਕਿਹਾ ਕਿ ਚੰਨੀ ਨੇ ਆਪਣੀ ਚਿੱਠੀ ਵਿਚ ਮੰਨਿਆ ਹੈ ਕਿ ਕਾਂਗਰਸ ਪਾਰਟੀ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਲਾਗੂ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਇਸ ਮਾਮਲੇ ’ਤੇ ਝੁਠੇ ਦਾਅਵੇ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿਚ ਪ੍ਰਵਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਹਜ਼ਾਰਾਂ ਕਿਸਾਨਾਂ ਨੁੰ ਖੁਦਕੁਸ਼ੀਆਂ ਦੇ ਰਾਹ ਪਾਇਆ ਕਿਉਂਕਿ ਉਹ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਚੰਨੀ ਨੇ ਇਹ ਵੀ ਮੰਨਿਆ ਹੈ ਕਿ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੋਂ ਵਸੂਲੀਅ ਕੀਤੀਆਂ ਜਾ ਰਹੀਆਂ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਵੈ ਮਾਣ ਵਾਲੇ ਕਿਸਾਨ ਕਦੇ ਵੀ ਕਾਂਗਰਸ ਸਰਕਾਰ ਜਾਂ ਇਸਦੇ ਮੁੱਖ ਮੰਤਰੀ ’ਤੇ ਮੁੜ ਵਿਸਾਹ ਨਹੀਂ ਕਰਨਗੇ। ਉਹਨਾਂ ਕਿਹਾ ਕਿ ਚੰਨੀ ਦੇ ਤਰਕ ਦੇ ਮੁਤਾਬਕ ਤਾਂ ਉਹ ਪਲਟੀ ਮਾਰ ਗਏ ਹਨ ਤੇ ਹੁਣ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਵਿਚੋਂ 50 ਫੀਸਦੀ ਦੀ ਜ਼ਿੰਮੇਵਾਰੀ ਕੇਂਦਰ ਵਿਖੇ ਗੈਰ ਕਾਂਗਰਸੀ ਸਰਕਾਰਾਂ ਸਿਰ ਪਾਈ ਜਾਵੇਗੀ। ਕੱਲ੍ਹ ਨੁੰ ਇਹ ਪ੍ਰਧਾਨ ਮੰਤਰੀ ਨੁੰ ਪੱਤਰ ਲਿਖ ਕੇ ਇਹ ਵੀ ਆਖ ਸਕਦੇ ਹਨ ਕਿ ਉਹ ਬਿਜਲੀ ਦਰਾਂ ਵਿਚ 3 ਰੁਪਏ ਕਟੌਤੀ ਸਮੇਤ ਲੋਕਾਂ ਲਈ ਐਲਾਨੀਆਂ ਰਾਹਤਾਂ ਵਿਚੋਂ ਅੱਧਾ ਭਾਰ ਆਪਣੇ ਸਿਰ ਲੈਣ। ਉਹਨਾਂ ਕਿਹਾ ਕਿ ਭਵਿੱਖ ਵਿਚ ਪੰਜਾਬੀ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਂਦੇ ਵਾਅਦਿਆਂ ਨੁੰ ਅੱਧਾ ਕਰਨਾ ਸ਼ੁਰੂ ਕਰ ਦੇਣਗੇ।

-PTC News

Related Post