ਖਹਿਰਾ ਦੀ ਕਾਂਗਰਸ 'ਚ ਰਲਣ ਦੀ ਯੋਜਨਾ ਦੀ ਭਿਣਕ ਲੱਗਣ ਮਗਰੋਂ ਆਪ ਨੇ ਉਸ ਨੂੰ ਅਹੁਦੇ ਤੋਂ ਹਟਾਇਆ

By  Shanker Badra July 26th 2018 08:47 PM

ਖਹਿਰਾ ਦੀ ਕਾਂਗਰਸ 'ਚ ਰਲਣ ਦੀ ਯੋਜਨਾ ਦੀ ਭਿਣਕ ਲੱਗਣ ਮਗਰੋਂ ਆਪ ਨੇ ਉਸ ਨੂੰ ਅਹੁਦੇ ਤੋਂ ਹਟਾਇਆ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਇਸ ਲਈ ਹਟਾਇਆ ਹੈ,ਕਿਉਂਕਿ ਆਪ ਨੂੰ ਖਹਿਰਾ ਦੀ ਆਪਣੇ ਰਿਸ਼ਤੇਦਾਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੇ ਜ਼ਰੀਏ ਕਾਂਗਰਸ ਵਿਚ ਸ਼ਾਮਿਲ ਹੋਣ ਦੀ ਯੋਜਨਾ ਦੀ ਭਿਣਕ ਲੱਗ ਗਈ ਸੀ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਕਿ ਖਹਿਰਾ ਨੂੰ ਹਟਾਇਆ ਜਾਣਾ ਆਪ ਦਾ ਅੰਦਰੂਨੀ ਮਸਲਾ ਹੈ ਪਰ ਇਹ ਵੀ ਇੱਕ ਤੱਥ ਹੈ ਕਿ ਪਾਰਟੀ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਖਹਿਰਾ ਪਾਰਟੀ ਦੇ ਵਿਧਾਇਕਾਂ ਨੂੰ ਤੋੜ ਕੇ ਆਪਣੇ ਨਾਲ ਕਾਂਗਰਸ ਪਾਰਟੀ ਵਿਚ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਕਾਲੀ ਬੁਲਾਰੇ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਕਿੰਨੇ ਦੁੱਖ ਦੀ ਗੱਲ ਹੈ ਕਿ ਆਪ ਅਤੇ ਇਸ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਖਹਿਰਾ ਨੂੰ ਹਟਾਉਣ ਦਾ ਫੈਸਲਾ ਉਸ ਸਮੇਂ ਲਿਆ ਜਦੋਂ ਉਸ ਨੇ ਉਹਨਾਂ ਦੀ ਸਰਦਾਰੀ ਲਈ ਖਤਰਾ ਖੜ੍ਹਾ ਕੀਤਾ, ਉਸ ਸਮੇਂ ਨਹੀਂ ਜਦੋਂ ਉਸ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦਾ ਸੱਦਾ ਦੇਣ ਵਾਲੀ ਰਾਇਸ਼ੁਮਾਰੀ 2020 ਦਾ ਸਮਰਥਨ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਖਤਰੇ ਵਿਚ ਪਾਇਆ ਸੀ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਪ ਨੇ ਖਹਿਰਾ ਖ਼ਿਲਾਫ ਉਸ ਸਮੇਂ ਵੀ ਕਾਰਵਾਈ ਨਹੀਂ ਕੀਤੀ , ਜਦੋਂ ਉਸ ਨੂੰ ਫਾਜ਼ਿਲਕਾ ਦੀ ਇਕ ਅਦਾਲਤ ਵੱਲੋਂ ਇੱਕ ਕੌਮਾਂਤਰੀ ਨਸ਼ਾ ਤਸਕਰੀ ਦੇ ਕੇਸ ਵਿਚ ਇੱਕ ਦੋਸ਼ੀ ਵਜੋਂ ਤਲਬ ਕੀਤਾ ਗਿਆ ਸੀ,ਜਿਸ ਵਿਚ ਉਸ ਦੇ ਸਹਿ-ਦੋਸ਼ੀਆਂ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਜਾ ਚੁੱਕੀ ਹੈ।

ਗਰੇਵਾਲ ਨੇ ਕਿਹਾ ਕਿ ਖਹਿਰਾ ਨੂੰ ਹਟਾਉਣ ਦਾ ਫੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ ਅਤੇ ਇਸ ਨੇ ਆਪ ਅਤੇ ਕੇਜਰੀਵਾਲ ਦੋਹਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਜੇ ਆਪ ਜਨਤਕ ਜੀਵਨ ਵਿਚ ਨੈਤਿਕਤਾ ਅਤੇ ਸਦਾਚਾਰ ਕਾਇਮ ਰੱਖੇ ਜਾਣ ਬਾਰੇ ਸੰਜੀਦਾ ਹੁੰਦੀ ਤਾਂ ਇਸ ਨੇ ਖਹਿਰਾ ਨੂੰ ਉਸ ਸਮੇਂ ਹੀ ਹਟਾ ਦੇਣਾ ਸੀ, ਜਦੋਂ ਉਸ ਉੱਤੇ ਆਪ ਦੇ ਆਗੂਆਂ ਕੋਲੋਂ ਪੈਸੇ ਇਕੱਠੇ ਕਰਨ ਅਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲੱਗਿਆ ਸੀ।

ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਕਾਂਗਰਸ ਹੀ ਸੀ,ਜਿਸ ਨੇ ਅਸੰਬਲੀ ਚੋਣਾਂ ਦੌਰਾਨ ਭੁਲੱਥ ਹਲਕੇ ਤੋਂ ਖਹਿਰਾ ਖਿਲਾਫ ਇੱਕ ਕਮਜ਼ੋਰ ਉਮੀਦਵਾਰ ਖੜ੍ਹਾ ਕਰਕੇ ਆਮ ਆਦਮੀ ਪਾਰਟੀ ਅੰਦਰ ਖਹਿਰਾ ਦੀ ਕਾਮਯਾਬੀ ਦਾ ਰਸਤਾ ਤਿਆਰ ਕੀਤਾ ਸੀ।ਉਹਨਾਂ ਕਿਹਾ ਕਿ ਇਸ ਤੋਂ ਬਾਅਦ ਕਾਂਗਰਸ ਅਤੇ ਖਹਿਰਾ ਵਿਚਕਾਰ ਹੋਏ ਗੁਪਤ ਸਮਝੌਤੇ ਤਹਿਤ ਖਹਿਰਾ ਦੇ ਰਿਸ਼ਤੇਦਾਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੂੰ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਾਂਚ ਕਮਿਸ਼ਨ ਦਾ ਮੁੱਖੀ ਲਾਇਆ ਗਿਆ ਸੀ।ਉਹਨਾਂ ਕਿਹਾ ਕਿ ਹੁਣ ਉਸ ਨੇ ਆਪ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਆਪ ਨੂੰ ਇਸਦੀ ਸੂਹ ਲੱਗ ਗਈ ਅਤੇ ਇਸ ਨੇ ਖਹਿਰਾ ਦੀ ਛੁੱਟੀ ਕਰ ਦਿੱਤੀ।

-PTCNews

Related Post