ਤਾਮਿਲਨਾਡੂ ਦੀ ਬੀੜੀ ਫੈਕਟਰੀ ਵੱਲੋਂ ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਲਗਾਉਣ ਦਾ ਮਾਮਲਾ  

By  Shanker Badra May 29th 2021 11:05 AM

ਅੰਮ੍ਰਿਤਸਰ : ਤਾਮਿਲਨਾਡੂ ਦੇ ਵੈਲੋਰ ਦੀ ਇਕ ਬੀੜੀ ਫੈਕਟਰੀ ਵੱਲੋਂ ਬੀੜੀ ਦੇ ਬੰਡਲ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਾਉਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਲੈ ਕੇ ਕਾਰਵਾਈ ਕਰਦਿਆਂ ਸਬੰਧਤ ਫੈਕਟਰੀ ਨੂੰ ਪੱਤਰ ਲਿਖ ਕੇ ਤਸਵੀਰ ਹਟਾਉਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਵੀਡੀਓ ਵਿਚ ਗੁਰੂਤਾਜ ਨਾਂ ਦੇ ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਹ ਫੈਕਟਰੀ ਤਾਮਿਲਨਾਡੂ ਦੇ ਵੈਲੋਰ ਨਾਲ ਸਬੰਧਤ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀੜੀ ਫੈਕਟਰੀ ਵੱਲੋਂ ਕੀਤੀ ਗਈ ਇਸ ਘਟੀਆ ਹਰਕਤ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਵਿਰੁੱਧ ਕਰਾਰ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਇਹ ਬੇਹੱਦ ਦੁਖਦਾਈ ਹੈ ਕਿ ਗੁਰੂ ਸਾਹਿਬ ਦੀ ਤਸਵੀਰ ਨੂੰ ਵਿਵਰਜਿਤ ਤੰਬਾਕੂ (ਬੀੜੀ) ਦੇ ਪੈਕਟ ’ਤੇ ਵਰਤਿਆ ਗਿਆ ਹੈ। ਇਹ ਕਿਸੇ ਸ਼ਰਾਰਤੀ ਦਿਮਾਗ ਦੀ ਸੋਚੀ ਸਮਝੀ ਚਾਲ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਕਾਰਵਾਈਆਂ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਸੱਟ ਮਾਰੀ ਜਾਂਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਲਗਾਉਣ ਵਾਲੇ ਲੋਕਾਂ ਤੋਂ ਸਖ਼ਤੀ ਨਾਲ ਪੁਛਗਿਛ ਹੋਣੀ ਚਾਹੀਦੀ ਹੈ, ਤਾਂ ਜੋ ਇਸ ਦੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਸਖ਼ਤੀ ਨਾਲ ਕਾਰਵਾਈ ਕਰੇਗੀ ਅਤੇ ਜੇਕਰ ਫੈਕਟਰੀ ਨੇ ਗੁਰੂ ਸਾਹਿਬ ਦੀ ਤਸਵੀਰ ਨੂੰ ਨਾ ਹਟਾ ਕੇ ਮੁਆਫ਼ੀ ਨਾ ਮੰਗੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

-PTCNews

Related Post