ਰਾਜਪਾਲ ਨੇ ਉਹ ਕੀਤਾ ਜੋ 75 ਸਾਲਾਂ 'ਚ ਨਹੀਂ ਹੋਇਆ: ਅਮਨ ਅਰੋੜਾ

By  Pardeep Singh September 24th 2022 01:47 PM

ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ  22 ਸਤੰਬਰ ਨੂੰ ਵਿਧਾਨ ਸਭਾ ਦੇ ਪ੍ਰਸਤਾਵਿਤ ਵਿਸ਼ੇਸ਼ ਸੈਸ਼ਨ ਦੀ ਮਨਜ਼ੂਰੀ ਵਾਪਸ ਲੈ ਲਈ ਸੀ। ਹੁਣ ਜਦੋਂ ਮਾਨ ਸਰਕਾਰ ਨੇ 27 ਸਤੰਬਰ ਨੂੰ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦੀ ਮਨਜ਼ੂਰੀ ਮੰਗੀ ਤਾਂ ਰਾਜਪਾਲ ਨੇ ਸਵਾਲ ਉਠਾਇਆ। ਕਿਹਾ ਕਿ ਇਸ ਦਾ ਕੀ ਏਜੰਡਾ ਹੈ? ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਝਾੜ ਪਾਈ ਹੈ। ਰਾਜਪਾਲ ਨੇ ਚਿੱਠੀ ਲਿਖ ਕੇ ਸੀਐਮ ਨੂੰ ਆਪਣੇ ਫਰਜ਼ ਯਾਦ ਕਰਵਾਏ ਹਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰਾਜਪਾਲ ਦੇ ਇਸ ਰਵੱਈਏ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ। ਉਹ ਭਾਜਪਾ ਦੇ ਆਪਰੇਸ਼ਨ ਲੋਟਸ ਨੂੰ ਅੱਗੇ ਲੈ ਕੇ ਜਾ ਰਹੇ ਹਨ। ਅਮਨ ਅਰੋੜਾ ਨੇ ਦੱਸਿਆ ਕਿ ਉਹ ਇਕ ਸੈਮੀਨਾਰ 'ਚ ਸ਼ਾਮਿਲ ਹੋਣ ਲਈ ਯੂਰਪ ਜਾ ਰਹੇ ਸਨ, ਪਰ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਲਤਾੜ ਰਹੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਤਰੱਕੀ ਨਾ ਕਰ ਸਕੇ ਭਾਜਪਾ ਇਸ ਨੀਤੀ 'ਤੇ ਕੰਮ ਕਰ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਸੂਬੇ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਸੈਸ਼ਨ ਬੁਲਾਇਆ, ਪਰ ਰਾਜਪਾਲ ਨੇ ਇਸ 'ਤੇ ਸਵਾਲ ਖੜ੍ਹੇ ਕਰ ਦਿੱਤਾ। ਗਵਰਨਰ ਨੇ ਉਹ ਕੀਤਾ ਜੋ 75 ਸਾਲਾਂ ਵਿੱਚ ਨਹੀਂ ਹੋਇਆ। ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਕਿ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਕੀ ਕਰਨਾ ਚਾਹੁੰਦੇ ਹੋ। ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਇੰਨੇ ਸਾਲਾਂ ਤੋਂ ਨਾ ਤਾਂ ਲੋਕ ਸਭਾ 'ਚ, ਨਾ ਰਾਜ ਸਭਾ 'ਚ ਤੇ ਨਾ ਹੀ ਵਿਧਾਨ ਸਭਾ 'ਚ ਹੋਇਆ, ਉਹ ਰਾਜਪਾਲ ਕਰਨ ਜਾ ਰਹੇ ਹਨ। ਅਰੋੜਾ ਨੇ ਕਿਹਾ ਕਿ ਸਦਨ ਦਾ ਏਜੰਡਾ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਵੱਲੋਂ ਤੈਅ ਕੀਤਾ ਜਾਂਦਾ ਹੈ। ਕਾਨੂੰਨ ਕਹਿੰਦਾ ਹੈ ਕਿ ਬਿਜ਼ਨੈੱਸ ਸਲਾਹਕਾਰ ਕਮੇਟੀ ਰਾਜਪਾਲ ਨੂੰ ਏਜੰਡਾ ਭੇਜਦੀ ਹੈ। ਮੰਤਰੀ ਅਰੋੜਾ ਨੇ ਕਿਹਾ ਕਿ ਭਾਜਪਾ ਭਗਵੰਤ ਮਾਨ ਸਰਕਾਰ ਦੇ ਪਰਉਪਕਾਰੀ ਕੰਮਾਂ ਤੋਂ ਡਰੀ ਹੋਈ ਹੈ ਤੇ ਸਰਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਤਰੱਕੀ 'ਚ ਰੁਕਾਵਟ ਆ ਜਾਵੇ।

ਅਮਨ ਅਰੋੜਾ ਨੇ ਰਾਜਪਾਲ ਦੇ ਕਾਰਜਪ੍ਰਣਾਲੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਵੱਲੋਂ ਪਹਿਲਾਂ ਆਪ੍ਰੇਸ਼ਨ ਲੋਟਸ ਤਹਿਤ ਕੋਸ਼ਿਸ਼ ਕੀਤੀ ਗਈ ਹੁਣ ਕੇਂਦਰ ਸਰਕਾਰ ਰਾਜਪਾਲ ਦੁਆਰਾ ਤੰਗ ਕਰ ਰਹੀ ਹੈ।

ਇਹ ਵੀ ਪੜ੍ਹੋ:'ਆਪ' ਦੀ ਹਲਕਾ ਇੰਚਾਰਜ ਮੰਜੂ ਰਾਣਾ ਦਾ ਪੁਲਿਸ ਨਾਲ ਹੋਇਆ ਵਿਵਾਦ

-PTC News

Related Post