ਤੇਲ ਟੈਂਕਰ ਧਮਾਕਾ ਮਾਮਲੇ 'ਚ 3 ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

By  Riya Bawa September 16th 2021 04:21 PM

ਅਜਨਾਲਾ: ਤੇਲ ਟੈਂਕਰ ਧਮਾਕਾ ਮਾਮਲੇ 'ਚ ਅਜਨਾਲਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਗਏ 3 ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ਵਿਚ ਪਾਕਿਸਤਾਨ 'ਚ ਬੈਠੇ ਦੇਸ਼ -ਵਿਰੋਧੀ ਅਨਸਰਾਂ ਦੇ ਇਸ਼ਾਰੇ 'ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਖੜ੍ਹੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ ਕੀਤੀ ਗਈ ਸੀ।

ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਅਜਨਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਜਨਾਲਾ ਖੇਤਰ ਦੇ ਚਾਰ ਨੌਜਵਾਨਾਂ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਚਾਰਾ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਮਾਮਲੇ ਵਿੱਚ ਹੁਣ ਕਾਬੂ ਕੀਤੇ 3 ਦੋਸ਼ੀਆਂ ਨੂੰ ਅਜਨਾਲ਼ਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਜਿਥੇ ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਦਾ ਰਿਮਾਂਡ ਲਿਆ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਦੇ ਹੋਰ ਕਿਥੇ ਕਿਥੇ ਤਾਰ ਜੁੜੇ ਹਨਪਰ ਹੁਣ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਗਏ 3 ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਉਥੇ ਇਹਨਾਂ ਦੇ ਇਕ ਸਾਥੀ ਰੂਬਲ ਸਿੰਘ ਨੂੰ ਕੱਲ ਹੀ ਅਜਨਾਲ਼ਾ ਦੀ ਮਾਣਯੋਗ ਅਦਾਲਤ ਵੱਲੋਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ ਤੇ ਜਾਣਕਾਰੀ ਅਨੁਸਾਰ ਰੂਬਲ ਦਾ ਘਰ ਪੈਟਰੋਲ ਪੰਪ ਤੋਂ ਕੁਝ ਦੂਰੀ ਤੇ ਸੀ, ਜਿਸ ਜਗ੍ਹਾ 'ਤੇ ਉਸ ਨੇ ਟੀਫਿਨ ਬੰਬ ਰੱਖ ਕੇ ਤੇਲ ਟੈਂਕਰ ਤੇ ਧਮਾਕਾ ਕੀਤਾ ਸੀ।

-PTC News

Related Post