TikTok ਸਟਾਰ ਨੂਰ ਬਣੀ ਪਰਿਵਾਰ ਲਈ ਖੁਸ਼ੀਆਂ ਦਾ ਖ਼ਜ਼ਾਨਾ - ਪਿਤਾ ਨੂੰ ਮਿਲੇਗੀ ਸਰਕਾਰੀ ਨੌਕਰੀ

By  Panesar Harinder May 20th 2020 05:14 PM

ਮੋਗਾ - ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ TikTok ਸਟਾਰ ਨੂਰ ਆਪਣੇ ਮਾਪਿਆਂ ਲਈ ਖੁਸ਼ੀਆਂ ਦਾ ਭੰਡਾਰ ਸਾਬਤ ਹੋ ਰਹੀ ਹੈ। ਧਰਮਕੋਟ ਦੇ ਪਿੰਡ ਭਿੰਡਰਕਲਾਂ ਵਾਸੀ ਇਸ ਪਰਿਵਾਰ ਦੇ ਮੁਖੀ ਤੇ ਨੂਰ ਦੇ ਪਿਤਾ ਸਤਨਾਮ ਸਿੰਘ ਦਾ ਨਾਂਅ ਡੀਜੀਪੀ ਡਿਸਕ ਲਈ ਪੇਸ਼ ਕੀਤਾ ਗਿਆ ਹੈ। ਛੇਤੀ ਹੀ ਉਨ੍ਹਾਂ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਜਾਵੇਗਾ। ਨੂਰ ਦੇ ਪਿਤਾ ਨੇ ਆਰਥਿਕ ਮੰਦਹਾਲੀ ਨੂੰ ਆਪਣੀਆਂ ਧੀਆਂ ਵੱਲ੍ਹ ਤਵੱਜੋ ਦੇਣ ਦੇ ਰਾਹ 'ਚ ਰੋੜਾ ਨਹੀਂ ਅਟਕਾਉਣ ਦਿੱਤਾ ਅਤੇ ਭੱਠਾ ਮਜ਼ਦੂਰ ਹੋਣ ਦੇ ਬਾਵਜੂਦ ਉਹ ਆਪਣੀਆਂ ਦੋਵਾਂ ਧੀਆਂ ਦੀ ਸਿੱਖਿਆ 'ਤੇ ਪੂਰਾ ਧਿਆਨ ਦੇ ਰਿਹਾ ਹੈ। ਜਲਦ ਮਿਲਣ ਵਾਲੇ ਇਸ ਸਨਮਾਨ ਪਿੱਛੇ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਹੈ।

ਨੂਰ ਦੇ ਪਿਤਾ ਨੂੰ ਮਿਲੇਗੀ ਸਰਕਾਰੀ ਨੌਕਰੀ

ਛੇਤੀ ਹੀ ਨੂਰ ਦੇ ਪਿਤਾ ਨੂੰ ਪੁਲਿਸ ਵਿਭਾਗ 'ਚ ਨੌਕਰੀ ਵੀ ਮਿਲੇਗੀ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਕੀਤੀ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂਰ ਦੇ ਪਰਿਵਾਰ ਲਈ ਬਣ ਰਹੇ ਨਵੇਂ ਮਕਾਨ ਦਾ ਨੀਂਹ ਪੱਥਰ ਵੀ ਰੱਖ ਚੁੱਕੇ ਹਨ, ਜਿਸ ਦਾ ਨਿਰਮਾਣ ਜਗਾਧਰੀ ਹਰਿਆਣਾ ਤੋਂ ਗੁਰੂ ਕਿਰਪਾ ਟਰੱਸਟ ਦੇ ਸੰਚਾਲਕ ਬਾਬਾ ਜਸਦੀਪ ਸਿੰਘ ਕਰਵਾ ਰਹੇ ਹਨ। ਮਕਾਨ ਦੇ ਨਿਰਮਾਣ ਦੀ ਲਾਗਤ 7 ਲੱਖ ਰੁਪਏ ਦੱਸੀ ਜਾ ਰਹੀ ਹੈ।

ਮਾਪਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਨੂਰ ਦੇ ਪਿਤਾ ਸਤਨਾਮ ਸਿੰਘ ਤੇ ਮਾਂ ਜਗਵੀਰ ਕੌਰ ਦਾ ਕਹਿਣਾ ਹੈ ਕਿ ਵਾਹਿਗੁਰੂ ਦੀ ਕਿਰਪਾ ਤੇ ਕਾਬਲੀਅਤ ਨਾਲ ਉਨ੍ਹਾਂ ਦੀਆਂ ਧੀਆਂ ਨੇ ਜੋ ਪਛਾਣ ਬਣਾਈ ਹੈ, ਜੋ ਪ੍ਰਸਿੱਧੀ ਹਾਸਲ ਕੀਤੀ ਹੈ, ਉਸ ਤੋਂ ਉਹ ਬਹੁਤ ਖੁਸ਼ ਹਨ। ਸਤਨਾਮ ਸਿੰਘ ਤੇ ਜਸਵੀਰ ਕੌਰ ਦੀਆਂ ਦੋ ਧੀਆਂ ਤੇ ਇਕ ਅੱਠ ਮਹੀਨੇ ਦਾ ਬੇਟਾ ਹੈ। tiktok ਵੀਡਿਓਜ਼ ਵਿੱਚ ਨੂਰ ਨਾਲ ਉਸ ਦੀ ਭੈਣ ਅਕਸਰ ਦਿਖਾਈ ਦਿੰਦੀ ਹੈ।

ਅਨਮੋਲ ਕਵਾਤਰਾ ਨੇ ਚੁੱਕਿਆ ਪੜ੍ਹਾਈ ਦਾ ਖਰਚਾ

ਪ੍ਰਸਿੱਧੀ, ਪਿਤਾ ਲਈ ਨੌਕਰੀ ਤੇ ਮਕਾਨ ਦੀਆਂ ਖੁਸ਼ੀਆਂ ਦੇ ਨਾਲ ਨਾਲ ਨੂਰ ਤੇ ਉਸ ਦੀ ਭੈਣ ਦੀ ਪੜ੍ਹਾਈ ਦਾ ਵੀ ਇੰਤਜ਼ਾਮ ਹੋ ਗਿਆ ਹੈ। ਲੁਧਿਆਣਾ ਤੋਂ ਪੰਜਾਬ ਦੀ ਇੱਕ ਨਾਮਵਰ ਸਮਾਜ ਸੇਵੀ ਸੰਸਥਾ ਦੇ ਮੁਖੀ ਅਨਮੋਲ ਕਵਾਤਰਾ ਨੇ ਦੋਵਾਂ ਬੱਚੀਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ ਹੈ ਅਤੇ ਉਨ੍ਹਾਂ ਦੀ ਇੱਕ ਸਾਲ ਦੀ ਫ਼ੀਸ ਜਮ੍ਹਾਂ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੌਕਡਾਊਨ ਦੌਰਾਨ ਨੂਰ ਦੇ ਵੱਖੋ-ਵੱਖ TikTok ਵੀਡੀਓ ਨੇ ਦੇਸ਼-ਵਿਦੇਸ਼ ਵਸਦੇ ਲੋਕਾਂ ਦੀ ਸ਼ਲਾਘਾ ਬਟੋਰੀ, ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਨੂਰ ਨਾਲ ਇੱਕ ਜਾਗਰੂਕਤਾ ਭਰਿਆ ਵੀਡੀਓ ਬਣਾ ਚੁੱਕੇ ਹਨ। ਨੂਰ ਦਾ ਨਾਂਅ ਇਸ ਵੇਲੇ ਸਭ ਦੀ ਜ਼ੁਬਾਨ 'ਤੇ ਹੈ। ਧੀ-ਪੁੱਤ ਦੇ ਵਿਤਕਰੇ ਵਾਲੀ ਸੋਚ ਰੱਖਣ ਵਾਲੇ ਲੋਕਾਂ ਲਈ ਨੂਰ ਇੱਕ ਬਹੁਤ ਵੱਡੀ ਮਿਸਾਲ ਹੈ, ਕਿਉਂ ਕਿ ਇਸ ਛੋਟੀ ਜਿਹੀ ਉਮਰੇ ਉਸ ਨੇ ਤੇ ਉਸ ਦੀ ਭੈਣ ਨੇ ਆਪਣੇ ਮਾਪਿਆਂ ਲਈ ਜੋ ਕਰ ਦਿਖਾਇਆ, ਉਹ ਕਿਸੇ ਪੁੱਤ ਲਈ ਕਰ ਦਿਖਾਉਣਾ ਅਸੰਭਵ ਵਰਗਾ ਹੈ।

Related Post