ਕਿਸਾਨਾਂ ਵੱਲੋਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਸਮਰਪਤ ਕੀਤੇ ਗਏ ਅੱਜ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲਾਏ ਧਰਨੇ

By  Jagroop Kaur November 1st 2020 08:30 PM

ਚੰਡੀਗੜ੍ਹ : ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੇਸੀ ਵਿਦੇਸ਼ੀ ਧੜਵੈਲ ਕਾਰਪੋਰੇਟਾਂ ਦੇ ਬੰਧੂਆ ਮਜ਼ਦੂਰ ਬਣਾਉਣ ਵੱਲ ਸੇਧਤ ਕੇਂਦਰੀ ਭਾਜਪਾ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਵੱਖ ਵੱਖ ਮੰਚਾਂ ਰਾਹੀਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲਵੇਂ ਇਕਜੁੱਟ ਜਨਤਕ ਦਬਾਅ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 65 ਥਾਂਵਾਂ ‘ਤੇ ਅਣਮਿਥੇ ਸਮੇਂ ਲਈ ਲਾਏ ਹੋਏ ਧਰਨਿਆਂ ਨੂੰ ਅੱਜ 32ਵੇਂ ਦਿਨ ਗਦਰ ਲਹਿਰ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਤ ਕੀਤਾ ਗਿਆ।Bhartiya Kisan Union (Ekta Ugrahan) continues dharna at 65 places against Centre's Farm Bill 2020

ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਸਾਂਝੇ ਪ੍ਰੈਸਨੋਟ ‘ਚ ਦੱਸਿਆ ਗਿਆ ਹੈ ਕਿ 5-600 ਕਿਸਾਨਾਂ ਦਾ ਦਾ ਜੱਥਾ ਔਰਤਾਂ ਤੇ ਨੌਜਵਾਨਾਂ ਸਮੇਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗਦਰੀ ਬਾਬਿਆਂ ਦੇ 29ਵੇਂ ਯਾਦਗਾਰੀ ਮੇਲੇ ਵਿੱਚ ਵੀ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਦੀ ਅਗਵਾਈ ਵਿੱਚ ਸ਼ਾਮਲ ਹੋਇਆ ਹੈ। ਥਾਂ ਥਾਂ ਦੋ ਮਿੰਟ ਦਾ ਮੋਨ ਧਾਰ ਕੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।All India Kisan Sangharsh Coordination Committee Meeting in Delhi for 2 days

ਕਿਸਾਨਾਂ ਮਜਦੂਰਾਂ ਨੂੰ ਦੱਸਿਆ ਗਿਆ ਕਿ ਕਿਵੇਂ ਵਿਦੇਸ਼ਾਂ ‘ਚ ਆਪਣੇ ਵੱਡੇ ਛੋਟੇ ਕਾਰੋਬਾਰਾਂ ਤੇ ਡਾਲਰਾਂ ਦੀ ਕਮਾਈ ਨੂੰ ਲੱਤ ਮਾਰ ਕੇ ਗਦਰੀ ਯੋਧਿਆਂ ਨੇ ਫਿਰਕਾਪ੍ਰਸਤੀ ਅਤੇ ਜਾਤਪ੍ਰਸਤੀ ਤੋਂ ਨਿਰਲੇਪ ਸਮੂਹ ਭਾਰਤੀ ਕਿਰਤੀਆਂ ਨੂੰ ਇੱਕ ਲੜੀ ‘ਚ ਪਰੋਣ ਵਾਲੀ ਇਨਕਲਾਬੀ ਲਹਿਰ ਰਾਹੀਂ ਹਰ ਕਿਸਮ ਦੀ ਸਾਮਰਾਜੀ ਜਗੀਰੂ ਲੁੱਟ ਤੋਂ ਮੁਕਤ ਕਿਸਾਨਾਂ ਮਜਦੂਰਾਂ ਦੀ ਪੁੱਗਤ ਵਾਲੀ ਖਰੀ ਆਜ਼ਾਦੀ ਲਿਆਉਣ ਲਈ ਜਾਨਾਂ ਵਾਰੀਆਂ ਸਨ। ਬਿਨਾਂ ਸ਼ੱਕ ਉਹਨਾਂ ਦਾ ਇਹ ਸੁਪਨਾ ਅਜੇ ਅਧੂਰਾ ਹੈ ਅਤੇ ਇਸਨੂੰ ਪੂਰਾ ਕਰਨ ਲਈ ਉਸੇ ਤਰ੍ਹਾਂ ਦੀ ਵਿਸ਼ਾਲ ਏਕਤਾ ਅਤੇ ਆਪਾਵਾਰੂ ਜੱਦੋਜਹਿਦ ਵਾਲੀ ਕਿਸਾਨ ਲਹਿਰ ਦੀ ਲੋੜ ਸਿਰ ਕੂਕ ਰਹੀ ਹੈ

ਥਾਂ ਥਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸ੍ਰੀ ਉਗਰਾਹਾਂ, ਸ੍ਰੀ ਜੇਠੂਕੇ, ਸ੍ਰੀਮਤੀ ਬਿੰਦੂ, ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ, ਅਮਰੀਕ ਸਿੰਘ ਗੰਢੂਆਂ, ਰਾਜਵਿੰਦਰ ਰਾਜੂ ਅਤੇ ਮਨਜੀਤ ਸਿੰਘ ਨਿਆਲ ਸਮੇਤ ਹੋਰ ਸਾਰੇ ਜਿਲ੍ਹਾ ਪ੍ਰਧਾਨ ਤੇ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੁਆਰਾ ਪੰਜਾਬ ਵਿੱਚ ਸਮੂਹ ਕਿਰਤੀ ਤਬਕਿਆਂ ਦੀ ਵਿਆਪਕ ਹਮਾਇਤ ਵਾਲੀ ਦ੍ਰਿੜ੍ਹ ਸ਼ਾਂਤਮਈ ਤੇ ਵਿਸ਼ਾਲ ਕਿਸਾਨ ਲਹਿਰ ਖੜ੍ਹੀ ਕਰਕੇ ਪੂਰੇ ਭਾਰਤ ਅਤੇ ਵਿਦੇਸ਼ਾਂ ਤੱਕ ਕੇਂਦਰ ਦੇ ਖੋਟੇ ਮਨਸੂਬੇ ਨਸ਼ਰ ਕੀਤੇ ਗਏ ਹਨ। ਪੂਰੇ ਦੇਸ਼ ਵਿੱਚ ਅਜਿਹੀ ਕਿਸਾਨ ਲਹਿਰ ਦਾ ਮੁੱਢ ਬੰਨ੍ਹਿਆ ਗਿਆ ਹੈ।

ਇਸੇ ਲਹਿਰ ਤੋਂ ਘਬਰਾ ਕੇ ਬੁਖਲਾਹਟ ਵਿੱਚ ਆ ਕੇ ਮੋਦੀ ਹਕੂਮਤ ਆਏ ਦਿਨ ਨਵੇਂ ਤੋਂ ਨਵੇਂ ਕਿਸਾਨ ਮਾਰੂ ਫੈਸਲੇ ਕਰ ਰਹੀ ਹੈ। ਹਵਾਈ ਪ੍ਰਦੂਸ਼ਣ ਦੇ ਬਹਾਨੇ ਪਰਾਲ਼ੀ ਸਾੜਨ ਲਈ ਮਜਬੂਰ ਕਿਸਾਨਾਂ ਦੀ ਪਰਾਲ਼ੀ ਸੰਭਾਲਣ ਲਈ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਮੱਦਦ ਕਰਨ ਤੋਂ ਉਲਟ 5 ਸਾਲ ਦੀ ਕੈਦ ਅਤੇ 1 ਕ੍ਰੋੜ ਰੁਪਏ ਜੁਰਮਾਨਾ ਕਰਨ ਦਾ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਦਿੱਤਾ ਹੈ। ਪੰਜਾਬ ਦਾ ਵਿਕਾਸ ਫੰਡ ਦਾ ਹਿੱਸਾ 1100 ਕ੍ਰੋੜ ਰੁਪਏ ਰੋਕਣ ਅਤੇ ਬੈਂਕ ਕਰਜਿਆਂ ਦੇ ਵਿਆਜ ਉੱਤੇ ਵਿਆਜ ਤੋਂ ਛੋਟ ਦਾ ਲਾਭ ਕਿਸਾਨਾਂ ਤੋਂ ਖੋਹਣ ਦੇ ਬਦਲਾਖੋਰ ਫ਼ਰਮਾਨ ਵੀ ਜਾਰੀ ਕਰ ਦਿੱਤੇ ਹਨ।

ਪੰਜਾਬ ‘ਚ ਰੇਲਾਂ ਦੀ ਆਵਾਜਾਈ ਠੱਪ ਕਰਕੇ ਪੰਜਾਬ ਸਣੇ ਜੰਮੂ-ਕਸ਼ਮੀਰ ਦੀ ਖੇਤੀ ਅਤੇ ਹੋਰ ਕਿਰਤੀ ਕਾਰੋਬਾਰਾਂ ਦਾ ਲੱਕ ਤੋੜਨ ਵਾਲੀ ਇਸ ਦੀ ਬਦਲਾਖੋਰ ਕਰਤੂਤ ਪਹਿਲਾਂ ਹੀ ਨਸ਼ਰ ਹੋ ਚੁੱਕੀ ਹੈ। ਮੌਜੂਦਾ ਘੋਲ਼ ‘ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10 ਲੱਖ ਦਾ ਮੁਆਵਜ਼ਾ ਤੇ ਨੌਕਰੀ ਦੀ ਮੰਗ ਮੰਨੇਂ ਜਾਣ ‘ਤੇ ਮਾਨਸਾ ਤੇ ਸੰਗਰੂਰ ਡੀ ਸੀ ਦੇ ਘਿਰਾਓ ਸਮਾਪਤ ਕਰ ਦਿੱਤੇ ਗਏ ਹਨ।ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ 5 ਨਵੰਬਰ ਨੂੰ ਪੂਰੇ ਭਾਰਤ ਵਿੱਚ 4 ਘੰਟੇ ਸੜਕਾਂ ਜਾਮ ਕਰਨ ਦਾ ਇਕਜੁੱਟ ਅੰਦੋਲਨ ਪੂਰਾ ਤਾਣ ਲਾ ਕੇ ਕਾਮਯਾਬ ਕੀਤਾ ਜਾਵੇਗਾ ਅਤੇ ਅਣਮਿਥੇ ਸਮੇਂ ਦੇ ਧਰਨੇ ਵੀ ਨਾਲ ਹੀ ਜਾਰੀ ਰੱਖੇ ਜਾਣਗੇ।

ਉਸ ਤੋ ਮਗਰੋਂ ਭਾਰਤ ਭਰ ਦੇ ਕਿਸਾਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਨੂੰ ਵੀ ਇਸੇ ਤਰ੍ਹਾਂ ਪੂਰਾ ਤਾਣ ਲਾ ਕੇ ਕਾਮਯਾਬ ਕੀਤਾ ਜਾਵੇਗਾ। ਇਹਨਾਂ ਬਦਲਾਖੋਰ ਹੱਲਿਆਂ ਤੋਂ ਪੀੜਤ/ਪ੍ਰਭਾਵਿਤ ਸਮੂਹ ਕਿਸਾਨਾਂ ਮਜਦੂਰਾਂ ਤੇ ਹੋਰ ਕਾਰੋਬਾਰੀ ਕਿਰਤੀਆਂ ਨੂੰ ਕਿਸਾਨ ਆਗੂਆਂ ਨੇ ਸੱਦਾ ਦਿੱਤਾ ਹੈ ਕਿ ਘਰੇ ਬਹਿ ਕੇ ਧਰਨਿਆਂ ਵੱਲ ਝਾਕਣ ਦੀ ਬਜਾਏ ਵਹੀਰਾਂ ਘੱਤ ਕੇ ਧਰਨਿਆਂ ਵਿੱਚ ਸ਼ਾਮਲ ਹੋਇਆ ਜਾਵੇ, ਫੇਰ ਹੀ ਮੋਦੀ ਹਕੂਮਤ ਦਾ ਨੱਕ ‘ਚ ਦਮ ਕਰ ਕੇ ਹੰਕਾਰ ਤੋੜਿਆ ਜਾ ਸਕੇਗਾ ਅਤੇ ਮੰਗਾਂ ਮੰਨਵਾਈਆਂ ਜਾਣਗੀਆਂ।

Related Post