ਟੈਂਡਰ ਘੁਟਾਲਾ: ਸ਼ੈਲਰ ਕੰਪਨੀਆਂ 'ਚ ਵਿਜੀਲੈਂਸ ਦੀ ਛਾਪੇਮਾਰੀ; ਵੱਡੀ ਗਿਣਤੀ 'ਚ ਯੂਪੀ ਦਾ ਬਾਰਦਾਨਾ ਬਰਾਮਦ

By  Riya Bawa September 18th 2022 12:09 PM -- Updated: September 18th 2022 01:13 PM

ਲੁਧਿਆਣਾ: ਝੋਨੇ ਦੀ ਫਰਜ਼ੀ ਖਰੀਦ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੇ ਮੁੱਲਾਂਪੁਰ ਦਾਖਾ ਦੇ ਵਿੱਚ ਕਈ ਸ਼ੈਲਰ ਕੰਪਨੀਆਂ ਦੇ ਵਿਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਇੱਥੇ ਵਿਜੀਲੈਂਸ ਵਿਭਾਗ ਅਤੇ ਪੁਲਿਸ ਨੂੰ ਬੋਰੀਆਂ ਬਰਾਮਦ ਹੋਈਆਂ ਹਨ ਜਿਹੜੀਆਂ ਦੂਸਰੇ ਸੂਬਿਆਂ ਤੋਂ ਮੰਗਵਾਈਆਂ ਗਈਆਂ ਹਨ। ਦੱਸ ਦੇਈਏ ਕਿ ਸ਼ੈਲਰ 'ਤੇ ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ ਸਫਲਤਾ ਮਿਲੀ ਅਤੇ ਵੱਡੀ ਗਿਣਤੀ 'ਚ ਬਾਰਦਾਨਾ ਬਰਾਮਦ ਕੀਤਾ ਗਿਆ ਹੈ, ਜਿਸ 'ਚ ਯੂ.ਪੀ ਦੀ ਸਸਤੀ ਕੀਮਤ 'ਤੇ ਕਣਕ ਅਤੇ ਚੌਲਾਂ ਦੀ ਮਿਲਾਵਟ ਕਰਕੇ ਕੇਂਦਰ ਤੋਂ ਮਹਿੰਗੇ ਐਮਐਸਪੀ (ਸਮਰਥਨ ਮੁੱਲ) 'ਤੇ ਫੰਡ ਹਾਸਲ ਕੀਤਾ ਜਾਂਦਾ ਸੀ।

scam

ਵਿਜੀਲੈਂਸ ਵਿਭਾਗ ਨੇ ਬੋਰੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਆਧਾਰ 'ਤੇ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਤੇ ਬਾਕੀ ਅਰੋਪੀਆਂ ਨੂੰ ਦੁਬਾਰਾ ਰਿਮਾਂਡ ਤੇ ਲਿਆਂਦਾ ਜਾ ਸਕਦਾ। ਕ੍ਰਿਸ਼ਨ ਲਾਲ ਧੋਤੀਵਾਲਾ ਮਸ਼ਹੂਰ ਸ਼ੈੱਲਰ ਮਾਲਕ ਹੈ। ਸੀਜ਼ਨ ਦੌਰਾਨ ਖ਼ਰੀਦ ਏਜੰਸੀਆਂ ਇਸ ਵੱਡੇ ਏਜੰਟ ਤੋਂ ਖ਼ਰੀਦ ਸ਼ੁਰੂ ਕਰ ਦਿੰਦੀਆਂ ਹਨ। ਹੁਣ ਅਜਿਹੀ ਸਥਿਤੀ ਵਿੱਚ ਵਿਜੀਲੈਂਸ ਦੇ ਉਕਤ ਏਜੰਟ ਦੇ ਛਾਪੇ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਵਿਜੀਲੈਂਸ ਹੁਣ ਕਣਕ-ਝੋਨੇ ਦੀ ਖਰੀਦ ਦਾ ਹਿਸਾਬ-ਕਿਤਾਬ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ। ਲੋਕ ਦੱਸਦੇ ਹਨ ਕਿ ਕ੍ਰਿਸ਼ਨ ਲਾਲ ਅਤੇ ਉਸ ਦਾ ਭਰਾ ਸੁਰਿੰਦਰ ਲਾਲ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਹਨ। ਇਹ ਸਾਰਾ ਕੁਝ ਸ਼ੈੱਲਰ ਮਾਲਕ ਕ੍ਰਿਸ਼ਨ ਲਾਲ ਤੋਂ ਪੁੱਛਗਿੱਛ ਦੇ ਦੌਰਾਨ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ।

scam

ਪਿਛਲੇ ਦਿਨੀਂ ਕ੍ਰਿਸ਼ਨ ਲਾਲ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਕ੍ਰਿਸ਼ਨ ਲਾਲ ਅਜੇ ਵੀ ਰਿਮਾਂਡ 'ਤੇ ਚੱਲ ਰਿਹਾ ਹੈ। ਕ੍ਰਿਸ਼ਨ ਲਾਲ ਨੇ ਹੀ ਵਿਜੀਲੈਂਸ ਵਿਭਾਗ ਦੇ ਅੱਗੇ ਖੁਲਾਸਾ ਕੀਤਾ ਸੀ ਕਿ ਬਾਹਰਲੇ ਸੂਬਿਆਂ ਤੋਂ ਝੋਨਾ ਅਤੇ ਬਾਰਦਾਨਾ ਸਸਤੇ ਭਾਅ ਤੇ ਮੰਗਵਾਇਆ ਗਿਆ ਜਿਸ ਨੂੰ ਪੰਜਾਬ ਦੇ ਵਿੱਚ ਐੱਮਐੱਸਪੀ ਦੇ ਭਾਅ ਤੇ ਮਹਿੰਗਾ ਵਿਖਾ ਕੇ ਫਰਜ਼ੀ ਬਿਲਿੰਗ ਕਰਕੇ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦਾ ਫੰਡ ਹਾਸਿਲ ਕੀਤਾ ਗਿਆ।

ਇਹ ਵੀ ਪੜ੍ਹੋ: ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂ, ਲੋਕਾਂ ਦੇ ਨੱਕ 'ਚ ਕੀਤਾ ਦਮ

ਸੂਤਰਾਂ ਤੋਂ ਪਤਾ ਲੱਗਿਆ ਕਿ ਵਿਜੀਲੈਂਸ ਵਿਭਾਗ ਫੂਡ ਅਤੇ ਸਪਲਾਈ ਵਿਭਾਗ ਦੇ ਦੋ ਸਾਬਕਾ ਅਫ਼ਸਰਾਂ ਨੂੰ ਵੀ ਜਲਦੀ ਹਿਰਾਸਤ ਵਿੱਚ ਲੈ ਸਕਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵਿਜੀਲੈਂਸ ਦੀ ਜਾਂਚ ਦੇ ਵਿਚ ਇਨ੍ਹਾਂ ਦੋਹਾਂ ਅਫ਼ਸਰਾਂ ਦਾ ਲਿੰਕ ਪੂਰਵ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਆਸ਼ੂ ਦੇ ਕਰੀਬੀ ਮੀਨੂ ਮਲਹੋਤਰਾ ਅਤੇ ਪੀਏ ਇੰਦਰਜੀਤ ਇੰਦੀ ਨਾਲ ਹੈ। ਵਿਜੀਲੈਂਸ ਵਿਭਾਗ ਸਬੂਤ ਜੁਟਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਖੁਲਾਸੇ ਹੋ ਸਕਦੇ ਹਨ।

(ਨਵੀਨ ਸ਼ਰਮਾ ਦੀ ਰਿਪੋਰਟ )

-PTC News

Related Post