ਮੁਹਾਲੀ 'ਚ 500 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਵੇਚਣ ਵਾਲੇ ਦੋ ਲੋਕ ਕਾਬੂ

By  Jasmeet Singh September 2nd 2022 09:54 PM

ਚੰਡੀਗੜ੍ਹ, 2 ਸਤੰਬਰ: ਵਿਜੀਲੈਂਸ ਬਿਊਰੋ ਵੱਲੋਂ ਪੰਚਕੂਲਾ ਦੇ ਕੋਨਾ ਪਿੰਡ ਦੇ ਵਾਸੀ ਪਰਵੀਨ ਕੁਮਾਰ ਅਤੇ ਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਤੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਵਿਖੇ ਪਿੰਡ ਦੀ ਸਾਂਝੀ ਜ਼ਮੀਨ ਦੇ ਲਗਭਗ 558 ਏਕੜ ਦੇ ਇੰਤਕਾਲ ਦੇ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਹੈ। ਦੱਸਿਆ ਜਾ ਰਿਹਾ ਕਿ ਇਸ ਵਿਚ ਦੋਵਾਂ ਦੀ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਮਦਦ ਕੀਤੀ ਸੀ।

ਇੱਕ ਸਰਕਾਰੀ ਬੁਲਾਰੇ ਮੁਤਾਬਕ ਬਿਊਰੋ ਨੇ ਮਾਜਰੀ ਸਬ-ਤਹਿਸੀਲ ਵਿੱਚ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਵਿਰੁੱਧ ਵਿਜੀਲੈਂਸ ਥਾਣਾ ਐਸ.ਏ.ਐਸ.ਨਗਰ ਵਿਖੇ 8 ਮਈ 2021 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਧਾਰਾ 409, 420, 465, 467, 468, 471, 477-ਏ, 201 ਅਤੇ 120-ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵੀਰ ਨੇ 17 ਏਕੜ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਅੱਗੇ ਜਨਰਲ ਪਾਵਰ ਆਫ਼ ਅਟਾਰਨੀ (ਜੀਪੀਏ) ਦੇ ਕੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। ਇਸੇ ਤਰ੍ਹਾਂ ਪਰਵੀਨ ਨੇ ਇੱਕ ਫਰਜ਼ੀ ਵਿਅਕਤੀ ਕਮਲਜੀਤ ਸਿੰਘ ਦੇ ਨਾਂ 'ਤੇ 80 ਕਨਾਲ ਜ਼ਮੀਨ ਦਾ ਜੀਪੀਏ ਖਰੀਦ ਲਿਆ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਅਤੇ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ।

ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇੰਤਕਾਲ ਨੰ: 3159 ਮਿਤੀ 21 ਮਈ 2004 ਸਬੰਧੀ ਮਾਲ ਰਿਕਾਰਡ ਜੋ ਕਿ ਪਿੰਡ ਦੇ ਵਸਨੀਕਾਂ ਵੱਲੋਂ ਆਪੋ-ਆਪਣੀ ਜ਼ਮੀਨ ਦੀ ਵੰਡ ਲਈ ਦਾਇਰ ਕੀਤਾ ਗਿਆ ਸੀ, ਨਾਲ ਛੇੜਛਾੜ ਕੀਤੀ ਗਈ ਸੀ।

ਇਹ ਵਸਨੀਕ ਤਤਕਾਲੀਨ ਕੰਸੋਲੀਡੇਸ਼ਨ ਅਫਸਰ, ਮੁਹਾਲੀ ਦੁਆਰਾ ਇੰਤਕਾਲ ਨੰਬਰ: 2026 ਮਿਤੀ 07.05.1991 ਦੇ ਅਨੁਸਾਰ ਅਸਲ ਮਾਲਕ ਸਨ। ਪਰ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਪਿੰਡ ਦੀ ਜ਼ਮੀਨ ਦਾ ਇੰਤਕਾਲ ਕਰਨ ਦੀ ਧੋਖਾਧੜੀ ਕੀਤੀ, ਜਿਸ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀਆਂ ਦੀ 558 ਏਕੜ ਜ਼ਮੀਨ ਦਾ ਮਾਲਕ ਦਿਖਾਇਆ ਗਿਆ। ਇਨ੍ਹਾਂ 14 ਵਿਅਕਤੀਆਂ ਵਿੱਚੋਂ 12 ਫਰਜ਼ੀ ਸਨ। ਬਾਕੀ ਦੋ ਵਿਅਕਤੀ ਮਾਜਰੀਆਂ ਦੇ ਵਸਨੀਕ ਹਨ ਅਤੇ ਕੁਝ ਜ਼ਮੀਨ ਦੇ ਮਾਲਕ ਹਨ ਪਰ ਉਨ੍ਹਾਂ ਦੇ ਹਿੱਸੇ ਵਧਾ ਦਿੱਤੇ ਗਏ।

ਇਸ ਤੋਂ ਇਲਾਵਾ ਵੀ 18 ਅਤੇ 19 ਜੂਨ 2014 ਨੂੰ ਲਗਭਗ 578 ਏਕੜ ਜ਼ਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਨੂੰ ਟਰਾਂਸਫਰ ਕਰ ਦਿੱਤੀ ਗਈ ਜੋ ਅਸਲ ਵਿੱਚ ਜ਼ਮੀਨ ਦੇ ਮਾਲਕ ਨਹੀਂ ਸਨ।

-PTC News

Related Post