ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਮੇਲਿਆਂ ਦਾ ਕੀਤਾ ਬਾਈ ਕਾਟ

By  Riya Bawa September 16th 2021 07:22 PM -- Updated: September 16th 2021 07:30 PM

ਚੰਡੀਗੜ੍ਹ: ਘਰ- ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਉਪਰ ਕਾਬਜ ਹੋਈ ਕਾਂਗਰਸ ਸਰਕਾਰ ਲੋੜਵੰਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਨਾਕਾਮ ਹੋ ਚੁੱਕੀ ਹੈ। ਦੂਜੇ ਪਾਸੇ ਚੋਣ ਵਾਅਦਿਆ ਨੂੰ ਪੂਰਾ ਕਰਾਉਣ ਲਈ ਵੱਖ-ਵੱਖ ਵਰਗਾਂ ਦੇ ਬੇਰੁਜ਼ਗਾਰ ਤਿੱਖਾ ਸੰਘਰਸ਼ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲਗਾਏ ਰੁਜ਼ਗਾਰ ਮੇਲੇ ਲਗਾਉਣ ਦੀ ਮੁਹਿੰਮ ਨੂੰ ਡਰਾਮੇ ਆਖ ਕੇ ਬੇਰੁਜ਼ਗਾਰਾਂ ਵੱਲੋ ਥਾਂ ਥਾਂ ਵਿਰੋਧ ਕੀਤਾ ਜਾ ਰਿਹਾ ਹੈ।

ਇਸੇ ਤਹਿਤ ਜਲਾਲਾਬਾਦ,ਗੁਰੂ ਹਰ ਸਹਾਏ,ਅਬੋਹਰ,ਬੇਨੜਾ,ਮਾਲੇਰਕੋਟਲਾ,ਫਰੀਦਕੋਟ,ਮੁਕਤਸਰ ਅਤੇ ਰੋਪੜ ਆਦਿ ਥਾਵਾਂ ਉੱਤੇ ਸਥਿਤੀ ਉੁਸ ਸਮੇਂ ਤਣਾਅ ਪੂਰਨ ਅਤੇ ਹਾਸੋਹੀਣੀ ਬਣ ਗਈ ਜਦੋਂ ਅਧਿਆਪਨ ਕਾਰਜ ਨਿਭਾਉਣ ਦੀਆਂ ਉੱਚ ਯੋਗਤਾਵਾਂ ਰੱਖਦੇ ਵੱਡੀ ਗਿਣਤੀ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਆਪਣੀਆਂ ਮੰਗਾਂ ਨਾਲ ਸੰਬੰਧਿਤ ਚਾਰਟ/ਬੈਨਰ ਲੈ ਕੇ ਨਾਅਰੇਬਾਜੀ ਕਰਦੇ ਹੋਏ ਰੁਜ਼ਗਾਰ ਮੇਲਿਆਂ ਵਿੱਚ ਦਾਖਲ ਹੋ ਗਏ।

ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੋਸ਼ ਲਗਾਇਆ ਕਿ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸੰਗਰੂਰ ਅਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁਲਿਸ ਦੀਆਂ ਡਾਂਗਾ ਦਾ ਸੇਕ ਝੱਲ ਰਹੇ ਹਨ। ਜਿਹਨਾਂ ਨੂੰ ਰੁਜ਼ਗਾਰ ਦੀ ਬਜਾਏ ਪਰਚੇ ਦਿੱਤੇ ਜਾ ਰਹੇ ਹਨ। ਕਰੀਬ ਸਾਢੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਮੋਰਚਾ ਜਾਰੀ ਹੈ, ਜਿੱਥੋਂ ਸਿੱਖਿਆ ਮੰਤਰੀ ਲਾਪਤਾ ਹਨ। ਦੂਜੇ ਪਾਸੇ ਫਾਜਲਿਕਾ ਦਾ ਬੇਰੁਜ਼ਗਾਰ ਨੌਜਵਾਨ ਮੁਨੀਸ਼ ਕੁਮਾਰ 21 ਅਗਸਤ ਤੋਂ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉਪਰ ਚੜਿਆ ਹੋਇਆ ਹੈ।

ਬੇਰੁਜ਼ਗਾਰ ਆਗੂਆਂ ਗਗਨਦੀਪ ਕੌਰ,ਬਲਕਾਰ ਸਿੰਘ,ਗੁਰਪ੍ਰੀਤ ਸਿੰਘ ਪੱਕਾ,ਹਰਦੀਪ ਫਾਜਲਿਕਾ,ਅਮਨ ਸੇਖਾ,ਸੰਦੀਪ ਗਿੱਲ,ਬਲਰਾਜ ਮੌੜ ਆਦਿ ਨੇ ਕਿਹਾ ਕਿ ਦਰਜਨਾਂ ਥਾਵਾਂ ਉੱਤੇ ਅਜਿਹੇ ਮੇਲਿਆਂ ਦੇ ਡਰਾਮਿਆਂ ਦਾ ਪਰਦਾ ਚਾਕ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ 19 ਅਤੇ 23 ਸਤੰਬਰ ਨੂੰ ਮੁੜ ਮੋਤੀ ਮਹਿਲ ਜਾਣਗੇ ਕਿਉਂਕਿ ਕਾਂਗਰਸ ਸਰਕਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਆਸਾਮੀਆਂ ਵੱਡੀ ਗਿਣਤੀ ਵਿੱਚ ਭਰਨ ਤੋਂ ਟਾਲਾ ਵੱਟਣ ਸਮੇਤ ਅਨੇਕਾਂ ਹੋਰ ਮੰਗਾਂ ਨੂੰ ਦਰਕਿਨਾਰ ਕਰਦੀ ਆ ਰਹੀ ਹੈ।ਇਸ ਮੌਕੇ ਬੇਰੁਜ਼ਗਾਰਾਂ ਕੋਲੋ ਤਹਿਸੀਲਦਾਰਾਂ ਨੇ ਮੰਗ ਪੱਤਰ ਪ੍ਰਾਪਤ ਕੀਤਾ।

-PTC News

Related Post