ਕੱਲ੍ਹ ਸ਼ੁਰੂ ਹੋਵੇਗੀ ਤਾਲਿਬਾਨ ਤੇ ਅਫ਼ਗਾਨ ਸਰਕਾਰ ਵਿਚਾਲੇ ਗੱਲਬਾਤ, ਵਿਵਾਦਗ੍ਰਸਤ ਹੋਣ ਦੀ ਸੰਭਾਵਨਾ

By  Panesar Harinder September 11th 2020 05:26 PM -- Updated: September 11th 2020 05:43 PM

ਦੋਹਾ - ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਿਚਕਾਰ ਆਖ਼ਿਰਕਾਰ ਗੱਲਬਾਤ ਹੋਣੀ ਤੈਅ ਹੋ ਗਈ ਹੈ। ਚਿਰਾਂ ਤੋਂ ਉਡੀਕੀ ਜਾ ਰਹੀ ਇਹ ਗੱਲਬਾਤ ਕਤਰ ਦੀ ਰਾਜਧਾਨੀ ਦੋਹਾ ਵਿਖੇ ਹੋਣ ਜਾ ਰਹੀ ਹੈ। ਇਸ ਵਾਰਤਾ ਨੂੰ ਸੰਸਾਰ ਭਰ ਦੇ ਲੋਕਾਂ ਵੱਲੋਂ ਅਫ਼ਗ਼ਾਨਿਸਤਾਨ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਸ਼ਾਂਤੀ ਵਾਰਤਾ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਸ਼ੰਕੇ ਵੀ ਬਰਕਰਾਰ ਹਨ।

US President Donald Trump Intra-Afghan talks

ਅਮਰੀਕੀ ਸਕੱਤਰ ਮਾਈਕ ਪੋਂਪੀਓ ਨੇ ਅੰਤਰ-ਅਫ਼ਗਾਨ ਵਾਰਤਾ ਦੇ ਵਿਵਾਦਗ੍ਰਸਤ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਦਹਾਕਿਆਂ ਤੋਂ ਚੱਲੇ ਆ ਰਹੇ ਸੰਘਰਸ਼ ਦੀ ਸਮਾਪਤੀ ਲਈ ਗੱਲਬਾਤ ਹੀ ਇੱਕਮਾਤਰ ਰਸਤਾ ਹੈ। ਦੋਹਾ ਵਿਖੇ ਸ਼ਨੀਵਾਰ 12 ਸਤੰਬਰ 2020 ਨੂੰ ਹੋਣ ਜਾ ਰਹੀ ਅੰਤਰ-ਅਫ਼ਗਾਨ ਵਾਰਤਾ ਵਿੱਚ ਪੋਂਪੀਓ ਵੀ ਸ਼ਾਮਲ ਹੋਣਗੇ।

US President Donald Trump Intra-Afghan talks

ਇਸ ਤੋਂ ਪਹਿਲਾਂ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਇਸ ਸਾਲ 29 ਫਰਵਰੀ ਨੂੰ ਇੱਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਹੋਏ ਸਨ। ਸਮਝੌਤੇ ਤਹਿਤ ਤਾਲਿਬਾਨ ਨੂੰ ਜਿੱਥੇ ਹਿੰਸਾ ਵਿੱਚ ਕਮੀ ਲਿਆਉਣੀ ਹੈ, ਉੱਥੇ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਤਾਇਨਾਤ ਆਪਣੇ ਫ਼ੌਜੀਆਂ ਦੀ ਗਿਣਤੀ ਪੜਾਅਵਾਰ ਤਰੀਕੇ ਨਾਲ ਘੱਟ ਕਰਨੀ ਹੈ।

US President Donald Trump Intra-Afghan talks

ਪੋਂਪੀਓ ਨੇ ਕਿਹਾ, "ਗੱਲਬਾਤ ਸ਼ੁਰੂ ਹੋਣ ਲਈ ਬਹੁਤ ਸਮਾਂ ਲੱਗ ਗਿਆ। ਹਾਲਾਂਕਿ ਸਾਨੂੰ ਉਮੀਦ ਹੈ ਕਿ ਸ਼ਨੀਵਾਰ ਸਵੇਰੇ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਸਾਰੇ ਅਫ਼ਗਾਨ (ਅਫ਼ਗਾਨ ਸਰਕਾਰ ਅਤੇ ਤਾਲਿਬਾਨ) ਇਕੱਠੇ ਇੱਕ ਟੇਬਲ 'ਤੇ ਬੈਠਣਗੇ। ਇਸ ਦੇ ਵਿਵਾਦਗ੍ਰਸਤ ਹੋਣ ਦੀ ਸੰਭਾਵਨਾ ਹੈ। ਇਹ ਉਨ੍ਹਾਂ ਦਾ ਦੇਸ਼ ਹੈ। ਉਨ੍ਹਾਂ ਨੇ ਹੀ ਤੈਅ ਕਰਨਾ ਹੈ ਕਿ ਗੱਲਬਾਤ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਇੱਕ ਬਿਹਤਰ ਜੀਵਨ ਮਿਲ ਸਕੇ।"

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦਾ ਵਾਅਦਾ ਕੀਤਾ ਸੀ। ਇਸ ਸਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਕਾਰਨ ਉਹ ਅੰਤਰ-ਅਫ਼ਗਾਨ ਵਾਰਤਾ ਸ਼ੁਰੂ ਕਰਨ ਲਈ ਦਬਾਅ ਪਾ ਰਹੇ ਸਨ।

ਗੱਲਬਾਤ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਪੱਤਰਕਾਰ ਸੰਮੇਲਨ ਵਿਚ ਟਰੰਪ ਨੇ ਵਾਰਤਾ ਨੂੰ ਰੋਮਾਂਚਕ ਦੱਸਦੇ ਹੋਏ ਕਿਹਾ ਸੀ ਕਿ ਅਮਰੀਕਾ ਅਫ਼ਗਾਨਿਸਤਾਨ ਵਿੱਚ ਤਾਇਨਾਤ ਆਪਣੇ ਫ਼ੌਜੀਆਂ ਦੀ ਗਿਣਤੀ ਨਵੰਬਰ ਤੱਕ ਚਾਰ ਹਜ਼ਾਰ ਦੇ ਪੱਧਰ ਤੱਕ ਲੈ ਆਵੇਗਾ। ਅੰਤਰ-ਅਫ਼ਗਾਨ ਵਾਰਤਾ ਭਾਵੇਂ ਦੇਰੀ ਨਾਲ ਸ਼ੁਰੂ ਹੋ ਰਹੀ ਹੈ, ਪਰ 29 ਫਰਵਰੀ ਨੂੰ ਹੋਏ ਸਮਝੌਤੇ ਪਿੱਛੋਂ ਅਮਰੀਕਾ ਨੇ ਫ਼ੌਜੀਆਂ ਦੀ ਗਿਣਤੀ ਵਿੱਚ ਕਮੀ ਲਿਆਉਣੀ ਸ਼ੁਰੂ ਕਰ ਦਿੱਤੀ ਸੀ। ਸਮਝੌਤੇ ਤੋਂ ਪਹਿਲਾਂ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ 13 ਹਜ਼ਾਰ ਫ਼ੌਜੀ ਤਾਇਨਾਤ ਸਨ।

Related Post