ਅਮਰੀਕਾ 1 ਨਵੰਬਰ ਤੋਂ ਵੰਡੇਗਾ ਕੋਰੋਨਾ ਵੈਕਸੀਨ! ਸਰਕਾਰ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ

By  Kaveri Joshi September 3rd 2020 03:57 PM -- Updated: September 3rd 2020 05:47 PM

ਵਾਸ਼ਿੰਗਟਨ-ਅਮਰੀਕਾ 1 ਨਵੰਬਰ ਤੋਂ ਵੰਡੇਗਾ ਕੋਰੋਨਾ ਵੈਕਸੀਨ! ਸਰਕਾਰ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ: ਕੋਰੋਨਾ ਦੇ ਕਹਿਰ ਹੇਠ ਆਏ ਦੇਸ਼-ਵਿਦੇਸ਼ ਦਾ ਇੱਕ ਪਾਸੇ ਹੀ ਧਿਆਨ ਕੇਂਦਰਿਤ ਹੈ ਕਿ ਜਲਦ ਕੋਰੋਨਾ ਦੀ ਵੈਕਸੀਨ ਤਿਆਰ ਕੀਤੀ ਜਾਵੇ ।ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਤਕਰੀਬਨ ਸਮੂਹ ਦੇਸ਼ਾਂ 'ਚ ਬਹੁਤ ਸਾਰੇ ਲੋਕ ਕੋਰੋਨਾ ਦੇ ਪ੍ਰਭਾਵ ਹੇਠ ਆ ਚੁੱਕੇ ਹਨ , ਪਰ ਇਸ ਵਕਤ ਅਮਰੀਕਾ ਸਭ ਤੋਂ ਵੱਧ ਕੋਰੋਨਾ ਅੰਕੜਿਆਂ ਵਾਲਾ ਦੇਸ਼ ਹੈ , ਜਿੱਥੇ ਲੋਕਾਂ ਨੂੰ ਕੋਰੋਨਾ ਨੇ ਸਭ ਤੋਂ ਵੱਧ ਆਪਣੀ ਲਪੇਟ 'ਚ ਲਿਆ ਹੈ , ਜਿਸਨੂੰ ਦੇਖਦੇ ਹੋਏ ਅਮਰੀਕਾ ਪੁਰਜ਼ੋਰ ਕੋਸ਼ਿਸ਼ਾਂ ਸਹਿਤ ਕੋਰੋਨਾ ਵੈਕਸੀਨ ਦੇ ਨਿਰਮਾਣ 'ਚ ਜੁਟਿਆ ਹੋਇਆ ਹੈ ।

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਵੈਕਸੀਨ ਦੀ ਵੰਡ ਪ੍ਰਤੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਇੱਕ ਨਵੰਬਰ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਵਿਤਰਣ ਦੀ ਤਿਆਰੀ ਕੱਸ ਲੈਣ ਦੇ ਆਦੇਸ਼ ਦੇ ਦਿੱਤੇ ਹਨ । ਦੱਸ ਦੇਈਏ ਕਿ ਅਮਰੀਕੀ ਵੈਕਸੀਨ ਤੀਜੇ ਪੜਾਅ ਅਧੀਨ ਹੈ ਅਤੇ ਟਰੰਪ ਸਰਕਾਰ ਵੱਲੋਂ ਅਮਰੀਕੀ ਸੂਬਿਆਂ ਨੂੰ ਇੱਕ ਨਵੰਬਰ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਵੰਡ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ।

ਦਰਅਸਲ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਪ੍ਰਸ਼ਾਸ਼ਨ ਸੂਬੇ ਦੇ ਅਧਿਕਾਰੀਆਂ ਪਾਸੋਂ ਇੱਕ ਨਵੰਬਰ ਤੋਂ ਟੀਕਾ ਵੰਡ ਲਈ ਇਜ਼ਾਜ਼ਤ / ਅਪਰੂਵਲ ਪ੍ਰਕਿਰਿਆ ਨੂੰ ਹੋਰ ਤੇਜ਼ੀ ਦੇਣ ਪ੍ਰਤੀ ਯਤਨਸ਼ੀਲ ਹੈ । ਮਿਲੀ ਜਾਣਕਾਰੀ ਮੁਤਾਬਕ ਟਰੰਪ ਸਰਕਾਰ ਵੱਲੋਂ ਰਾਜ ਗਵਰਨਰਾਂ ਨਾਲ ਦਵਾ ਥੋਕ ਵਪਾਰੀ (Pharmaceutical wholesalers) ਦੀਆਂ ਸਹਾਇਕ ਕੰਪਨੀਆਂ ਵੱਲੋਂ ਉਪਯੋਗ ਲਈ ਵਿਤਰਣ ਥਾਵਾਂ ਦੇ ਪਰਮਿਟ ਵਾਸਤੇ ਮਾਰਗ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ ।

ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ AstraZeneca ਦੁਆਰਾ ਵਿਕਸਿਤ ਕੀਤਾ ਜਾ ਰਹੇ ਕੋਰੋਨਾ ਵਾਇਰਸ ਵੈਕਸੀਨ ਦਾ ਟਰਾਇਲ ਤੀਜੇ ਤੇ ਆਖ਼ਰੀ ਚਰਨ 'ਚ ਅੱਪੜ ਚੁੱਕਾ ਹੈ ਤੇ ਫਿਲਹਾਲ ਇਸ ਦੇ Approval ਲਈ ਅੰਤਿਮ ਰੂਪ ਦੀ ਪ੍ਰਕਿਰਿਆ ਅਧੀਨ ਹੈ। ਅਨੁਮਾਨ ਹੈ ਕਿ ਜੇਕਰ ਪਹਿਲਾਂ ਨਹੀਂ ਤਾਂ ਸੰਭਾਵਿਤ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਕੋਲ ਨਵੰਬਰ ਤੱਕ ਇੱਕ ਨਾਵਲ ਕੋਰੋਨਵਾਇਰਸ ਟੀਕਾ ਹੋਵੇਗਾ !

ਦਿ ਨਿਊ ਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਨੇ ਸਾਰੇ ਦੇਸ਼ ਦੇ ਜਨਤਕ ਸਿਹਤ ਅਧਿਕਾਰੀਆਂ ਨੂੰ ਕਿਹਾ ਹੈ ਕਿ “ਅਕਤੂਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਸ਼ੁਰੂ ਵਿੱਚ” ਟੀਕਾਕਰਣ ਪ੍ਰੋਗਰਾਮ ਲਈ ਤਿਆਰ ਰਹਿਣ । ਦਰਅਸਲ ਜਿਹੜੀ ਵੈਕਸੀਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ , ਉਹਨਾਂ ਟੀਕਿਆਂ ਵਿਚੋਂ ਸ਼ਾਇਦ ਕਿਸੇ ਹੋਰ ਵੈਕਸੀਨ ਦੇ ਉਸ ਸਮੇਂ ਦੇ ਤਿਆਰ ਹੋਣ ਦੀ ਸੰਭਾਵਨਾ ਨਹੀਂ ਹੈ। ਜਿਹੜੇ ਟੀਕੇ ਪੜਾਅ -3 ਕਲੀਨਿਕਲ ਟਰਾਇਲ ਦੀ ਪ੍ਰਕਿਰਿਆ ਅਧੀਨ ਹਨ, ਉਨ੍ਹਾਂ ਦੇ ਟਰਾਇਲ ਸਾਲ ਦੇ ਅੰਤ ਤੱੱਕ ਹੁੰਦੇ ਰਹਿਣ ਦੀ ਉਮੀਦ ਹੈ । ਟੀਕਾ ਵਿਕਸਤ ਕਰਨ ਵਾਲੇ, ਵਿਗਿਆਨੀ ਅਤੇ ਮਾਹਰ ਮੰਨ ਰਹੇ ਹਨ ਕਿ ਲੋਕਾਂ ਨੂੰ ਕੋਰੋਨਾ ਤੋਂ ਨਿਜਾਤ ਦਿਵਾਉਣ ਲਈ ਜਲਦੀ ਤੋਂ ਜਲਦੀ ਇੱਕ ਟੀਕਾ ਅਗਲੇ ਸਾਲ ਤੱਕ ਉਪਲਬਧ ਕਰਵਾਇਆ ਜਾ ਸਕੇ।

ਅਜਿਹੇ 'ਚ ਟਰੰਪ ਵੱਲੋਂ ਨਵੰਬਰ 'ਚ ਕੋਰੋਨਾ ਵੈਕਸੀਨ ਦੇ ਆਉਣ ਦੀ ਖ਼ਬਰ ਅਮਰੀਕੀਆਂ ਦੇ ਨਾਲ-ਨਾਲ ਦੂਸਰੇ ਦੇਸ਼ਾਂ ਨੂੰ ਵੀ ਰਾਹਤ ਪ੍ਰਦਾਨ ਕਰਨ ਵਾਲੀ ਹੈ , ਜੇਕਰ ਵੈਕਸੀਨ ਕਾਰਗਰ ਸਿੱਧ ਹੁੰਦੀ ਹੈ ਤਾਂ ! ਫ਼ਿਲਹਾਲ ਨਵੰਬਰ ਦਾ ਇੰਤਜ਼ਾਰ ਹੈ !

Related Post