ਵਿਸ਼ਾਖਾਪਟਨਮ ਦੀ ਫਾਰਮਾ ਕੰਪਨੀ ਦੇ ਪਲਾਂਟ ਵਿਚ ਕੈਮੀਕਲ ਗੈਸ ਲੀਕ ਹੋਣ ਨਾਲ ਬੱਚੇ ਸਮੇਤ 7 ਮੌਤਾਂ

By  Shanker Badra May 7th 2020 11:06 AM

ਵਿਸ਼ਾਖਾਪਟਨਮ ਦੀ ਫਾਰਮਾ ਕੰਪਨੀ ਦੇ ਪਲਾਂਟ ਵਿਚ ਕੈਮੀਕਲ ਗੈਸ ਲੀਕ ਹੋਣ ਨਾਲ ਬੱਚੇ ਸਮੇਤ 7 ਮੌਤਾਂ:ਵਿਸ਼ਾਖਾਪਟਨਮ : ਵਿਸ਼ਾਖਾਪਟਨਮ ਦੇ ਆਰ.ਆਰ.ਵੈਂਕਟਪੁਰਮ ਪਿੰਡ ਵਿਖੇ ਐਲ.ਜੀ ਪੋਲੀਮਰਸ ਉਦਯੋਗ ਵਿਚ ਕੈਮੀਕਲ ਗੈਸ ਲੀਕ ਹੋਣ ਕਾਰਨ ਇੱਕ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ ,ਜਦਕਿ 100 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ 1000 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਸ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ 11 ਵਜੇ ਐਨ.ਡੀ.ਐਮ.ਏ ਦੀ ਮੀਟਿੰਗ ਸੱਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਦੱਸਿਆ ਕਿ ਇਸ ਘਟਨਾ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਇਸ ਗੈਸ ਲੀਕ ਨਾਲ 3 ਕਿ.ਮੀ. ਤੱਕ ਇਲਾਕਾ ਪ੍ਰਭਾਵਤ ਹੋਇਆ ਹੈ ਅਤੇ ਸਾਵਧਾਨੀ ਉਪਾਅ ਵਜੋਂ 4 ਪਿੰਡ ਖਾਲੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਵਿਸ਼ਾਖਾਪਟਨਮ ਦੇ ਆਰ.ਆਰ.ਵੈਂਕਟਪੁਰਮ ਪਿੰਡ ਵਿਖੇ ਐਲ.ਜੀ ਪੋਲੀਮਰਸ ਉਦਯੋਗ ਵਿਚ ਰਸਾਇਣਕ ਗੈਸ ਲੀਕ ਹੋਈ ਹੈ। ਇਸ ਵਜ੍ਹਾ ਕਰਕੇ ਉਥੇ ਮੌਜੂਦ ਲੋਕਾਂ ਨੂੰ ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਗੈਸ ਲੀਕ ਹੋਈ ਤਾਂ ਲੋਕਾਂ ਨੂੰ ਘਬਰਾਹਟ ਆਉਣ ਲੱਗੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪ੍ਰਭਾਵਤ ਲੋਕਾਂ ਦਾ ਸਹੀ ਇਲਾਜ ਹੋਵੇ।

-PTCNews

Related Post