BSF ਨੇ ਫ਼ਿਰੋਜ਼ਪੁਰ 'ਚ ਫੜੀ ਪਾਕਿਸਤਾਨੀ ਕਿਸ਼ਤੀ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ

By  Riya Bawa January 7th 2022 03:48 PM -- Updated: January 7th 2022 04:01 PM

ਫ਼ਿਰੋਜ਼ਪੁਰ : ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਵਿੱਚੋਂ ਇੱਕ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇੱਥੇ ਕਦੋਂ ਆਈ, ਇਸ ਵਿੱਚ ਕੌਣ-ਕੌਣ ਸਵਾਰ ਸਨ ਅਤੇ ਇਸ ਨੂੰ ਇੱਥੇ ਲਿਆਉਣ ਦਾ ਕੀ ਮਕਸਦ ਸੀ।

ਇਸ ਪਾਕਿਸਤਾਨੀ ਕਿਸ਼ਤੀ ਦੀ ਬਰਾਮਦਗੀ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਦੋ ਦਿਨ ਪਹਿਲਾਂ ਇੱਥੇ ਫਸਿਆ ਸੀ। ਉਨ੍ਹਾਂ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਰਾਸ਼ਟਰੀ ਬਹਿਸ ਦਾ ਵਿਸ਼ਾ ਬਣ ਗਿਆ ਹੈ। ਪਾਕਿਸਤਾਨੀ ਕਿਸ਼ਤੀ ਅਜਿਹੇ ਮੌਕੇ 'ਤੇ ਬਰਾਮਦ ਹੋਈ ਹੈ, ਜਦੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੀ ਜਾਂਚ ਲਈ ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਫਿਰੋਜ਼ਪੁਰ ਪਹੁੰਚੀ ਹੈ। ਇਸ ਵਿੱਚ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਸਕੱਤਰ ਸੁਧੀਰ ਕੁਮਾਰ, ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਅਤੇ ਐਸਪੀਜੀ ਦੇ ਆਈਜੀ ਐਸ. ਸੁਰੇਸ਼ ਸ਼ਾਮਲ ਹਨ।

ਫ਼ਿਰੋਜ਼ਪੁਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ। ਜਿਸ ਥਾਂ 'ਤੇ ਪੀਐਮ ਦਾ ਕਾਫ਼ਲਾ ਰੁਕਿਆ ਸੀ, ਉਹ ਵੀ ਪਾਕਿਸਤਾਨ ਸਰਹੱਦ ਤੋਂ ਸਿਰਫ਼ 50 ਕਿਲੋਮੀਟਰ ਦੂਰ ਹੈ। ਇਸ ਇਲਾਕੇ ਤੋਂ ਕਈ ਵਾਰ ਟਿਫਿਨ ਬੰਬ ਅਤੇ ਵਿਸਫੋਟਕ ਬਰਾਮਦ ਹੋਏ ਹਨ।

-PTC News

Related Post