ਕੌਣ ਬਣੇਗਾ ਪੰਜਾਬ ਦਾ ਸਰਦਾਰ?

By  Pardeep Singh February 15th 2022 03:55 PM -- Updated: February 15th 2022 04:03 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖੀ ਹੋਈ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ, ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿੱਚ ਹਨ। ਉੱਥੇ ਹੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਭਾਜਪਾ ਨਾਲ ਗਠਜੋੜ ਕੀਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਬਸਪਾ ਨਾਲ ਗਠਜੋੜ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚਾਰਕੋਣਾ ਮੁਕਾਬਲਾ ਹੈ।ਕੌਣ ਬਣੇਗਾ ਪੰਜਾਬ ਦਾ ਸਰਦਾਰ?

ਸ਼੍ਰੋਮਣੀ ਅਕਾਲੀ ਦਲ  ਤੇ ਬਸਪਾ ਗਠਜੋੜ 

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਪਿਛਲੀ ਸਰਕਾਰ ਮੌਕੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਸੀਐਮ ਸਨ। ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਕੋਰੋਨਾ ਕਾਲ ਮੌਕੇ ਵੀ ਉਨ੍ਹਾਂ ਵੱਲੋਂ ਕਈ ਉੱਦਮ ਕੀਤੇ ਗਏ ਸਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਹੁਤ ਮਜ਼ਬੂਤ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੂਰਾ ਤਿਆਰ ਹੈ।ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਵੀ ਵੇਖਣਯੋਗ ਹੈ। ਮਾਲਵਾ, ਮਾਝਾ, ਪੁਆਧ ਅਤੇ ਦੁਆਬਾ ਵਿੱਚ ਸਥਿਤੀ ਮਜ਼ਬੂਤ ਹੈ।

ਕਾਂਗਰਸ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਗਿਆ। ਕਾਂਗਰਸ ਨੇ ਦਲਿਤ ਸੀਐਮ ਲਿਆ ਕੇ ਪੰਜਾਬ ਦੀ ਸਿਆਸਤ ਵਿੱਚ ਇਕ ਵੱਖਰਾ ਪੱਤਾ ਖੇਡਿਆ ਸੀ ਪਰ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਉੱਤੇ ਗੈਰ-ਕਾਨੂੰਨੀ ਮਾਇਨਿੰਗ ਨੂੰ ਲੈ ਕੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਹਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ ਹੋਈ। ਕਾਂਗਰਸ ਦੇ ਕਾਟੋ ਕਲੇਸ਼ ਕਾਰਨ ਸਥਿਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ।

ਕੌਣ ਬਣੇਗਾ ਪੰਜਾਬ ਦਾ ਸਰਦਾਰ?

ਭਾਜਪਾ-ਪੀਐਲਸੀ-ਅਕਾਲੀ ਦਲ ਸੰਯੁਕਤ ਗਠਜੋੜ

ਕਿਸਾਨੀ ਅੰਦੋਲਨ ਨੇ ਪੰਜਾਬ ਵਿੱਚੋਂ ਭਾਜਪਾ ਦੀ ਹੌਂਦ ਨੂੰ ਦਰਕਿਨਾਰੇ ਕਰ ਦਿੱਤਾ। ਪੰਜਾਬ ਦੇ ਪਿੰਡਾਂ ਵਿੱਚ ਇਸ ਗਠਜੋੜ ਦਾ ਕੋਈ ਖਾਸ ਪ੍ਰਭਾਵ ਨਹੀਂ ਵਿਖਾਈ ਦੇ ਰਿਹਾ ਹੈ ਪਰ ਉੱਥੇ ਹੀ ਸ਼ਹਿਰੀ ਵੋਟ ਦਾ ਕੁਝ ਹਿੱਸਾ ਭਾਜਪਾ ਦੀ ਝੋਲੀ ਵਿੱਚ ਆਵੇਗਾ।ਕੈਪਟਨ ਅਮਰਿੰਦਰ ਸਿੰਘ ਜਿਸ ਨੂੰ ਕਾਂਗਰਸ ਪਾਰਟੀ ਨੇ ਹਟਾਇਆ ਸੀ ਉਸਦੀ ਪੰਜਾਬ ਵਿੱਚ ਕੋਈ ਠੋਸ ਮਜ਼ਬੂਤੀ ਨਹੀਂ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਾ ਪੰਜਾਬ ਵਿੱਚ ਕੋਈ ਖਾਸ ਵਜੂਦ ਨਹੀਂ ਹੈ।

ਆਮ ਆਦਮੀ ਪਾਰਟੀ

ਤੁਸੀ ਜਾਣਦੇ ਹੋ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ 20 ਸੀਟਾਂ ਹੀ ਹਾਸਿਲ ਕੀਤੀਆ ਸਨ ਪਰ ਇੰਨ੍ਹਾਂ ਵਿੱਚੋਂ 9 ਵਿਧਾਇਕਾਂ ਨੇ ਪਾਰਟੀ ਦਾ ਪੱਲਾ ਛੱਡ ਦਿੱਤਾ। ਆਮ ਆਦਮੀ ਪਾਰਟੀ ਨੇ 4 ਸਾਂਸਦ ਜਿੱਤੇ ਸਨ ਪਰ ਉਨ੍ਹਾਂ ਵਿਚੋਂ ਵੀ 3 ਸਾਂਸਦ ਆਮ ਆਦਮੀ ਪਾਰਟੀ ਛੱਡ ਗਏ ਹਨ। ਆਮ ਆਦਮੀ ਪਾਰਟੀ ਮਾਲਵੇ ਨੂੰ ਜਿੱਤੇ ਬਿਨ੍ਹਾਂ ਪੰਜਾਬ ਵਿੱਚ ਆਪਣੀ ਸੱਤਾ ਕਾਇਮ ਨਹੀਂ ਕਰ ਸਕਦੀ। ਦੂਜੇ ਪਾਸੇ ਮਾਝੇ ਅਤੇ ਮਾਲਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਥਿਤੀ ਮਜ਼ਬੂਤ ਹੈ ਪਰ ਆਮ ਆਦਮੀ ਪਾਰਟੀ ਦੀ ਸਥਿਤੀ ਡਾਵਾਡੋਲ ਵਿਖਾਈ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।

ਕੌਣ ਬਣੇਗਾ ਪੰਜਾਬ ਦਾ ਸਰਦਾਰ?

ਅਕਾਲੀ ਦਲ-ਬਸਪਾ , ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਆਵੇਗੀ।

ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਪੀ.ਐੱਮ ਮੋਦੀ ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਪੜ੍ਹੋ ਕੀ ਕਿਹਾ

 

Related Post