CM ਮਾਨ ਕੇਜਰੀਵਾਲ ਦੀ ਹਵਾਈ ਸਫ਼ਰ ਲਈ ਖਜ਼ਾਨੇ 'ਚੋਂ ਕਰੋੜਾਂ ਰੁਪਏ ਕਿਉਂ ਖਰਚ ਰਹੇ : ਅਕਾਲੀ ਦਲ

By  Pardeep Singh October 19th 2022 06:48 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ਦੇ ਖਰਚ ਵਾਸਤੇ ਸੂਬੇ ਦੇ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੇ ਹਨ ਅਤੇ ਰਾਜ ਸਰਕਾਰ ਨੇ ਫਿਕਸ ਵਿੰਗ ਹਵਾਈ ਜਹਾਜ਼ ਖਰੀਦਣ ਦਾ ਫੈਸਲਾ ਕਿਉਂ ਕੀਤਾ ਹੈ ਜਦੋਂ ਕਿ ਇਸ ਕੋਲ ਪਹਿਲਾਂ ਹੀ ਹੈਲੀਕਾਪਟਰ ਮੌਜੂਦ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਆਪ ਦੇ ਕਨਵੀਨਰ ਤੇ ਉਹਨਾਂ ਦੇ ਨਾਲ ਸਫਰ ਕਰਨ ਵਾਲਿਆਂ ਵਾਸਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਕਸ ਵਿੰਗ ਵਾਲੇ ਹਵਾਈ ਜਹਾਜ਼ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸਦਾ ਭੁਗੌਲਿਕ ਖੇਤਰ ਬਹੁਤ ਛੋਟਾ ਹੈ ਅਤੇ ਇਸਦੀ ਵਰਤੋਂ ਪੰਜਾਬ ਤੋਂ ਬਾਹਰ  ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਹੋਰ ਰਾਜਾਂ ਦੇ ਦੌਰੇ ਕਰਨ ਵੇਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਜੈਟ ਕਿਰਾਏ ’ਤੇ ਲੈ ਰੱਖੇ ਹਨ ਜਿਹਨਾਂ ਦੀ ਕੀਮਤ 44 ਲੱਖ ਰੁਪਏ ਤੇ 55 ਲੱਖ ਰੁਪਏ ਪ੍ਰਤੀ ਦੌਰਾ ਕੇਜਰੀਵਾਲ ਦੇ ਗੁਜਰਾਤ ਚੋਣਾਂ ਲਈ ਪ੍ਰਚਾਰ ਵਾਸਤੇ ਖਰਚ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ 'ਆਪ' ਦੇ ਕਨਵੀਨਰ ਦੇਸ਼ ਭਰ ਵਿਚ ਘੁੰਮਣਾ ਚਾਹੁੰਦੇ ਹਨ ਅਤੇ ਭਗਵੰਤ ਮਾਨ ਨੇ ਪੰਜਾਬੀਆਂ ਵੱਲੋਂ ਇਸਦਾ ਬਿੱਲ ਮਾਰਨ ਦੀ ਜ਼ਿੰਮੇਵਾਰੀ ਚੁੱਕੀ ਹੈ।

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 10 ਸੀਟਾਂ ਵਾਲਾ ਇਕ ਸਾਲ ਵਾਸਤੇ ਡੈਸਾਲਟ ਫੈਲਕਨ 2000 ਫਿਕਸ ਵਿੰਗ ਹਵਾਈ ਜਹਾਜ਼ ਇਕ ਸਾਲ ਵਾਸਤੇ ਕਿਰਾਏ ’ਤੇ ਲੈਣ ਦਾ ਆਪਣਾ ਫੈਸਲਾ ਵਾਪਸ ਲੈਣ। ਉਨ੍ਹਾਂ ਨੇ ਕਿਹਾ ਕਿ ਪੈਸੇ ਦੀ ਇਹ ਬਰਾਬਾਦੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਰਾਜ ਦੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ, ਕਮਜ਼ੋਰ ਵਰਗਾਂ ਨੁੰ ਸਮਾਜ ਭਲਾਈ ਸਕੀਮਾਂ ਦੇ ਲਾਭ ਨਹੀਂ ਮਿਲੇ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ ਕੀਤੀ ਜਾ ਰਹੀਹੈ।  ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਆਪ ਸਰਕਾਰ ਨੇ ਸਰਕਾਰੀ ਹੈਲੀਕਾਪਟਰ ਰਾਹੀਂ ਸਫਰ ’ਤੇ ਕਰੋੜਾਂ ਰੁਪਏ ਖਰਚ  ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਫਿਕਸ ਵਿੰਗ ਹਵਾਈ ਜਹਾਜ਼ ਕਿਰਾਏ ’ਤੇ ਲੈਣ ਨਾਲ ਇਹ ਭਾਰ ਹੋਰ ਜ਼ਿਆਦਾ ਵੱਧ ਜਾਵੇਗਾ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਅਸਲ ਰੰਗ ਵਿਖਾ ਰਹੀ ਹੈ।

ਡਾ. ਚੀਮਾ ਨੇ  ਸਰਕਾਰ ਵੱਲੋਂ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੇ ਨਾਲ ਨਾਲ ਪ੍ਰਾਈਵੇਟ ਚਾਰਟਡ ਹਵਾਈ ਜਹਾਜ਼ਾਂ ’ਤੇ ਹੋਏ ਖਰਚ ਦਾ ਵੇਰਵਾ ਸੁਰੱਖਿਆ ਚਿੰਤਾਵਾਂ ਦੇ ਬਹਾਨੇ ਪਰਦੇ ਵਿਚ ਰੱਖਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਜਾਣਕਾਰੀ ਪਹਿਲਾਂ ਕਦੇ ਵੀ ਲੁਕਾ ਕੇ ਨਹੀਂ ਰੱਖੀ ਗਈ ਸੀ ਤੇ ਅਸਲੀਅਤ ਇਹ ਹੈ ਕਿ ਆਪ ਸਰਕਾਰ ਹੁਣ ਇਸਨੁੰ ਇਸ ਵਾਸਤੇ ਪਰਦੇ ਵਿਚ ਰੱਖ ਰਹੀਹੈ  ਜਿਸ ਤੋਂ ਸਪਸ਼ਟ ਹੈ ਕਿ ਉਹ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ:ਨੇਪਾਲ 'ਚ ਭੂਚਾਲ ਦੇ ਝਟਕੇ, 5.1 ਤੀਬਰਤਾ ਕੀਤੀ ਦਰਜ 

-PTC News

Related Post