ਰਾਜੀਵ ਗਾਂਧੀ ਨੂੰ ਦਿੱਤਾ 'ਭਾਰਤ ਰਤਨ' ਲਿਆ ਜਾਵੇਂ ਵਾਪਸ : ਸੁਖਬੀਰ ਬਾਦਲ 

By  Shanker Badra December 6th 2019 07:47 PM -- Updated: December 6th 2019 07:50 PM

ਰਾਜੀਵ ਗਾਂਧੀ ਨੂੰ ਦਿੱਤਾ 'ਭਾਰਤ ਰਤਨ' ਲਿਆ ਜਾਵੇਂ ਵਾਪਸ : ਸੁਖਬੀਰ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਉਪਰੰਤ 1991 ਵਿਚ ਦਿੱਤਾ 'ਭਾਰਤ ਰਤਨ' ਐਵਾਰਡ ਤੁਰੰਤ ਵਾਪਸ ਲੈ ਲਿਆ ਜਾਵੇ, ਕਿਉਂਕਿ ਤਾਜ਼ਾ ਸਾਹਮਣੇ ਆਏ ਸਬੂਤ ਇਹ ਸਾਬਿਤ ਕਰ ਰਹੇ ਹਨ ਕਿ ਜਦੋਂ 1984 'ਚ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਫੌਜ ਨੂੰ ਰਾਜਧਾਨੀ ਅੰਦਰ ਇਸ ਲਈ ਤਾਇਨਾਤ ਕਰਨ ਦੀ ਆਗਿਆ ਨਹੀਂ ਸੀ ਦਿੱਤੀ, ਕਿਉਂਕਿ ਇਹ ਘਿਨੌਣਾ ਕਤਲੇਆਮ ਉਸ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਸੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਕੀਤੇ ਖੁਲਾਸਿਆਂ ਨੇ ਅਕਾਲੀ ਦਲ ਦੇ ਇਸ ਸਟੈਂਡ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੇਕਰ ਰਾਜੀਵ ਨੇ ਸਿੱਖਾਂ ਦੀ ਜਾਨ ਅਤੇ ਮਾਲ ਨੂੰ ਨਿਸ਼ਾਨਾ ਬਣਾ ਰਹੀਆਂ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀਆਂ ਹਿੰਸਕ ਭੀੜਾਂ ਨੂੰ ਕਾਬੂ ਕਰਨ ਲਈ ਫੌਜ ਬੁਲਾਉਣ ਦੀਆਂ ਅਪੀਲਾਂ ਨੂੰ ਸੁਣਿਆ ਹੁੰਦਾ ਤਾਂ 1984 ਦੇ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।

ਬਾਦਲ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡਾਂ ਨੇ ਵੀ ਸਪੱਸ਼ਟ ਕੀਤਾ ਸੀ ਕਿ ਫੌਜ ਨੂੰ ਨਾ ਬੁਲਾਉਣ ਦਾ ਫੈਸਲਾ ਰਾਜੀਵ ਗਾਂਧੀ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਲਿਆ ਗਿਆ ਸੀ। ਉਹਨਾਂ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਗੱਲ ਉੱਤੇ ਸ਼ਖ਼ਤ ਨਰਾਜ਼ਗੀ ਹੈ, ਕਿ ਜਿਹੜੇ ਵਿਅਕਤੀ ਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਘੜੀ ਅਤੇ ਆਪਣੀ ਨਿਗਰਾਨੀ ਹੇਠ ਕਤਲੇਆਮ ਕਰਵਾਇਆ ਸੀ, ਵਾਰ ਵਾਰ ਕੀਤੀਆਂ ਅਪੀਲਾਂ ਦੇ ਬਾਵਜੂਦ ਸਿੱਖਾਂ ਦੇ ਬਚਾਅ ਲਈ ਮਦਦ ਨਹੀਂ ਪਹੁੰਚਣ ਦਿੱਤੀ, ਉਸ ਨੂੰ ਮਰਨ ਉਪਰੰਤ ਦੇਸ਼ ਦਾ ਸਭ ਵੱਡਾ ਸਨਮਾਨ ਦੇ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਬੇਇਨਸਾਫੀ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਰਾਜੀਵ ਗਾਂਧੀ ਕੋਲੋਂ ਇਹ ਸਨਮਾਨ ਤੁਰੰਤ ਵਾਪਸ ਲੈ ਲਿਆ ਜਾਵੇ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮਰਨ ਉਪਰੰਤ ਰਾਜੀਵ ਗਾਂਧੀ ਅਤੇ ਉਹਨਾਂ ਸਾਰੇ ਵਿਅਕਤੀਆਂ ਖ਼ਿਲਾਫ ਇੱਕ ਕੇਸ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਹਨਾਂ ਨੇ ਕਾਂਗਰਸੀ ਗੁੰਡਿਆਂ ਦੁਆਰਾ ਸਿੱਖਾਂ ਦੇ ਕੀਤੇ ਜਾ ਰਹੇ ਕਤਲੇਆਮ ਅਤੇ ਲੁੱਟਮਾਰ ਨੂੰ ਰੋਕਣ ਲਈ ਫੌਜ ਨੂੰ ਦਿੱਲੀ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਸੀ। ਉਹਨਾਂ ਕਿਹਾ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਸਾਰੇ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾਵਾਂ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਕੋਈ ਵੀ ਅਜਿਹਾ ਵਹਿਸ਼ੀਪੁਣਾ ਕਰਕੇ ਬਚ ਨਹੀਂ ਸਕਦਾ। ਸਰਦਾਰ ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਰਾਜੀਵ ਗਾਂਧੀ ਦਾ ਨਾਂਅ ਸਾਰੀਆਂ ਸੜਕਾਂ, ਹਵਾਈ ਅੱਡਿਆਂ, ਸੰਸਥਾਵਾਂ ਅਤੇ ਸਰਕਾਰੀ ਸਕੀਮਾਂ ਉੱਪਰੋਂ ਤੁਰੰਤ ਹਟਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ ਅਜਿਹੇ ਵਿਅਕਤੀ ਦਾ ਸਨਮਾਨ ਨਹੀਂ ਕਰ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ, ਜਿਸ ਨੇ ਲੋਕਾਂ ਦਾ ਕਤਲੇਆਮ ਕਰਵਾਇਆ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਾਰੀਆਂ ਅਹਿਮ ਥਾਂਵਾਂ ਅਤੇ ਸਕੀਮਾਂ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਨੇ ਨਾਂ ਉੱਤੇ ਰੱਖਿਆ ਜਾ ਸਕਦਾ ਹੈ, ਜਿਹੜੇ ਅਸਲ ਵਿਚ ਅਜਿਹੇ ਸਨਮਾਨ ਦੇ ਹੱਕਦਾਰ ਹਨ। ਇਹ ਸਾਰੇ ਕਦਮ ਸਿੱਖਾਂ ਦੀਆਂ ਭਾਵਨਾਵਾਂ ਨਾਲ ਮੇਲ ਖਾਂਦੇ ਹਨ , ਜਿਹਨਾਂ ਨੂੰ ਚੁੱਕਣ ਨਾਲ 1984 ਕਤਲੇਆਮ ਦੇ ਪੀੜਤਾਂ ਦੇ ਰਿਸਦੇ ਜ਼ਖਮਾਂ ਉੱਤੇ ਟਕੋਰ ਹੋਵੇਗੀ। ਸਰਦਾਰ ਬਾਦਲ ਨੇ ਕਿਹਾ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਵੱਲੋ ਗਾਂਧੀ ਪਰਿਵਾਰ ਨੂੰ ਕਾਂਗਰਸੀ ਗੁੰਡਿਆਂ ਤੋਂ ਸਿੱਖਾਂ ਨੂੰ ਬਚਾਉਣ ਲਈ ਫੌਜ ਨੂੰ ਨਾ ਸੱਦਣ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਵੀ ਉਹ ਚੁੱਪ ਕਿਉਂ ਹੈ ਅਤੇ ਗਾਂਧੀ ਪਰਿਵਾਰ ਦਾ ਬਚਾਅ ਕਿਉਂ ਕਰ ਰਿਹਾ ਹੈ? ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਗਾਂਧੀ ਪਰਿਵਾਰ ਦੀ ਨਜ਼ਰਾਂ ਵਿਚ ਚੰਗਾ ਬਣਨਾ ਅਤੇ ਆਪਣੀ ਕੁਰਸੀ ਨੂੰ ਬਚਾਉਣਾ ਤੁਹਾਡੇ ਲਈ ਆਪਣੇ ਭਾਈਚਾਰੇ ਨਾਲ ਖੜਣ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਲਈ ਮਿਸਾਲੀ ਸਜ਼ਾਵਾਂ ਦੀ ਮੰਗ ਕਰਨ ਨਾਲੋਂ ਵੀ ਵੱਧ ਮਹੱਤਵਪੂਰਨ ਹੈ।

-PTCNews

Related Post