ਅਲਵਿਦਾ! ਅਜਮੇਰ ਔਲਖ ਜੀ
ਚੰਡੀਗੜ: ਕਿਸੇ ਨੇ ਸੱਚ ਹੀ ਕਿਹਾ ਕਿ ਸਾਹਿਤ ਨਾਲ ਜੁੜੇ ਹੋਏ ਲੋਕ ਕੁਝ ਵੱਖਰੀ ਹੀ ਸੋਚ ਦੇ ਮਾਲਕ ਹੁੰਦੇ ਨੇ। ਉਹਨਾਂ ਦੇ ਦਿਮਾਗ 'ਚ ਵਿਲੱਖਣ ਸੋਚ ਦੇ ਬੀਜ ਪੁੰਗਰਣ ਦੀ ਜੋ ਸਮਰੱਥਾ ਹੁੰਦੀ ਹੈ, ਉਹ ਸਮਾਜ ਨੂੰ ਕੋਈ ਨਾ ਕੋਈ ਚੰਗੀ ਸੇਧ ਜ਼ਰੂਰ ਦਿੰਦੀ ਹੈ। ਕੁਝ ਅਜਿਹੀ ਹੀ ਸਖਸ਼ੀਅਤ ਦੇ ਮਾਲਕ ਸਨ ਅਜਮੇਰ ਔਲ਼ਖ ਜੀ। ਵਿਲੱਖਣ ਸੋਚ, ਨੂਰਾਨੀ ਚਿਹਰਾ ਤੇ ਦਿਮਾਗ ਦੀਆਂ ਗੁੰਝਲਾਂ ਨੂੰ ਬੇਹਦ ਖੂਬਸੂਰਤੀ ਨਾਲ ਨਾਟਕੀ ਰੂਪ ਦੇਣ ਦੇ ਮਾਹਿਰ। ਇੱਕ ਨਿੱਜੀ ਚੈਨਲ 'ਚ ਕੰਮ ਕਰਦਿਆਂ ਮੇਰੇ ਨਾਲ ਜਦੋਂ ਕਿਸੇ ਨੇ ਔਲਖ ਸਾਹਿਬ ਵੱਲੋਂ ਦਸਤਖਤ ਕੀਤੀ ਇੱਕ ਤਸਵੀਰ ਸਾਂਝੀ ਕੀਤੀ ਤਾਂ ਉਹਨਾਂ ਦੀ ਸਖਸ਼ੀਅਤ ਦਾ ਜੋ ਪਹਿਲੂ ਦੇਖਣ ਨੂੰ ਮਿਲਿਆ, ਉਸਨੇ ਮਨ ਨੂੰ ਅਜੀਬ ਜਿਹੀ ਸੰਤੁਸ਼ਟੀ ਦਿੱਤੀ । ਉਸ ਤਸਵੀਰ ਵਿੱਚ ਬਹੁਤ ਹੀ ਸਾਦੇ ਸ਼ਬਦਾਂ 'ਚ ਲਿਖਿਆ ਸੀ,
"ਮੇਰੀ ਅੰਤਿਮ ਇੱਛਾ ਹੈ ਕਿ ਮੇਰੇ ਮਰਨ ਤੋਂ ਬਾਦ… ਮੇਰੀ ਚਿਖਾ ਨੂੰ ਅਗਨੀ ਵਿਖਾਉਣ ਦੀ ਰਸਮ ਦੀ ਪਹਿਲ ਮੇਰੀਆਂ ਧੀਆਂ (ਜਿਹੜੀਆਂ ਵੀ ਉਸ ਸਮੇਂ ਹਾਜ਼ਰ ਹੋਣ) ਕਰਨ। ਭੋਗ ਆਦਿ ਦੀ ਕਿਸੇ ਵੀ ਰਸਮ ਦੀ ਕੋਈ ਵੀ ਧਾਰਮਿਕ ਰਸਮ ਨਾ ਕੀਤੀ ਜਾਵੇ। ਸ਼ਰਧਾਂਜਲੀ ਸਮਾਗਮ ਬੇਲੋੜਾ ਲੰਮਾ ਨਾ ਹੋਵੇ"
ਇਸ ਉੱਘੀ ਸਖਸ਼ੀਅਤ ਨੂੰ ਇਹਨਾਂ ਕੁਝ ਸਤਰਾਂ ਨੇ ਬਾਖੂਬੀ ਬਿਆਨ ਕੀਤਾ ਹੈ। ਇਹ ਸ਼ਬਦਾਂ ਨੇ ਅਹਿਸਾਸ ਕਰਵਾਇਆ ਕਿ ਕੁਰੀਤੀਆਂ ਦੇ ਚਿੱਕੜ ਨਾਲ ਭਰੇ ਸਮਾਜ 'ਚ ਚੰਗੀ ਸੋਚ ਵਾਲਾ "ਕਮਲ" ਬਣ ਕੇ ਕਿੰਝ ਖਿਲ ਜਾਈਦਾ ਹੈ।
ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਔਲਖ ਜੀ ਦਾ ਅੱਜ ਸਵੇਰੇ ਮਾਨਸਾ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ ਕਰੀਬ 75 ਸਾਲ ਸੀ ਅਤੇ ਉਹ ਆਪਣੇ ਪਿੱਛੇ ਤਿੰਨ ਬੇਟੀਆਂ ਅਤੇ ਪਤਨੀ ਮਨਜੀਤ ਕੌਰ ਨੂੰ ਛੱਡ ਗਏ ਹਨ। ਪ੍ਰੋਫੈਸਰ ਸਾਹਿਬ ਦਾ ਅੰਤਿਮ ਸਸਕਾਰ 16 ਜੂਨ ਨੂੰ ਮਾਨਸਾ ਵਿਖੇ ਕੀਤਾ ਜਾਵੇਗਾ।
ਨਾਟਕਾਂ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਭਾਵੇਂ ਅੱਜ ਇੱਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਪਰ ਉਹਨਾਂ ਦੀ ਖੂਬਸੂਰਤ ਸੋਚਣੀ ਪੂਰੀ ਦੁਨੀਆਂ ਨੂੰ ਸੁਚੱਜੇ ਰਾਹ 'ਤੇ ਤੋਰਨ ਲਈ ਹਮੇਸ਼ਾ ਮਾਰਗਦਰਸ਼ਨ ਕਰਦੀ ਰਹੇਗੀ। —PTC News