ਗੁ. ਸੰਤਸਰ ਸਾਹਿਬ ਵਿਖੇ 19ਵੇਂ ਸਾਲਾਨਾ ਸੰਪਟ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ਚੰਡੀਗੜ੍ਹ: ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ ਉਦਮ-ਉਪਰਾਲੇ ਸਦਕਾ ਸਿਟੀ ਬਿਊਟੀਫੁਲ ਦੇ ਸੈਕਟਰ 38 ਵੈਸਟ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਵਿਖੇ 19ਵੇਂ ਸਾਲਾਨਾ ਸੰਪਟ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ। ਹਫ਼ਤਾ ਭਰ ਚਲਣ ਵਾਲੇ ਸੰਪਟ ਅਖੰਡ ਜਾਪ ਦਾ ਆਰੰਭ ਸੋਮਵਾਰ (7 ਅਗਸਤ) ਨੂੰ ਹੋਇਆ ਸੀ, ਜਿਸਦੇ ਐਤਵਾਰ (13 ਅਗਸਤ) ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤਾਂ ਦੀ ਹਾਜ਼ਰੀ 'ਚ ਭੋਗ ਪਾਏ ਗਏ।
ਇਨ੍ਹਾਂ ਸੰਪਟ ਅਖੰਡ ਜਾਪਾਂ ਦੀ ਅਗਵਾਈ ਨਾਨਕਸਰ ਜਗਰਾਓਂ ਤੋਂ ਬਾਬਾ ਅਮਰਜੀਤ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨਾਨਕਸਰ ਦੇ ਜੱਥੇ ਦੀ ਅਗਵਾਈ ਦੇ ਨਾਲ ਨਾਲ ਰੋਜ਼ਾਨਾ ਕੀਰਤਨ ਦਰਬਾਰ ਵੀ ਸਜਾਇਆ, ਜਿਸ ਵਿੱਚ ਬਾਬਾ ਅਮਰਜੀਤ ਸਿੰਘ ਅਤੇ ਮਹਾਂਪੁਰਖ ਸੰਤ ਬਾਬਾ ਸਰੂਪ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਉਪਦੇਸ਼ਾਂ ਨਾਲ ਜੋੜ ਨਿਹਾਲ ਕੀਤਾ ਗਿਆ। ਉੱਥੇ ਹੀ ਗੁਰੂ ਦੀਆਂ ਸੰਗਤਾਂ ਵੱਲੋਂ ਸੱਤੇ ਦਿਨ ਚੌਵੀ ਘੰਟਿਆਂ ਦਰਮਿਆਨ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਤਨ-ਮਨ ਨਾਲ ਗੁਰ ਮੰਤਰ, ਮੂਲ ਮੰਤਰ, ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਜਾਪ ਵੀ ਕਿਤੇ ਜਾਂਦੇ ਰਹੇ ।
ਪਿਛਲੇ 19 ਸਾਲ ਤੋਂ ਚਲੇ ਆ ਰਹੇ ਇਨ੍ਹਾਂ ਸੰਪਟ ਅਖੰਡ ਪਾਠਾਂ 'ਚ ਇਸ ਸਾਲ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਸੰਗਤਾਂ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਹਾਰਜ਼ੀਆਂ ਭਰੀਆਂ। ਹਫ਼ਤਾ ਭਰ ਚਲੇ ਅਖੰਡ ਸੰਪਟ ਜਾਪ ਦਾ ਲਾਈਵ ਪ੍ਰਸਾਰਣ ਗੁਰਦੁਆਰੇ ਦੇ ਅਧਿਕਾਰਿਤ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਵੀ ਕੀਤਾ ਗਿਆ।
ਇਸ ਦਰਮਿਆਨ ਅੱਜ ਇੱਥੇ ਅੰਮ੍ਰਿਤ ਸੰਚਾਰ ਵੀ ਹੋਇਆ, ਜਿਸ 'ਚ 10 ਤੋਂ ਵੱਧ ਲੋਕ ਅੰਮ੍ਰਿਤ ਛੱਕ ਗੁਰੂ ਵਾਲੇ ਸਜੇ, ਜਿਨ੍ਹਾਂ ਨੂੰ ਰਹਿਤ ਮਾਰਯਾਦਾ ਦੀ ਪੁਸਤਕ ਦੇ ਨਾਲ ਨਾਲ ਸਾਰੇ ਕਕਾਰ ਵੀ ਗੁਰਦੁਆਰਾ ਸਾਹਿਬ ਤੋਂ ਮੁਫ਼ਤ ਉਪਲਬਧ ਕਰਵਾਏ ਗਏ। ਇਸ ਦੇ ਨਾਲ ਹੀ ਪਾਵਨ ਅਸਥਾਨ 'ਤੇ 24 ਘੰਟੇ ਚਲਣ ਵਾਲੇ ਲੰਗਰਾਂ 'ਚ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਗਏ।
ਗੁਰਦੁਆਰਾ ਸੰਤਸਰ ਸਾਹਿਬ ਵਿਖੇ ਚਲਾਏ ਜਾ ਰਹੇ ਮਾਤਾ ਕੁਲਬੀਰ ਕੌਰ ਚੈਰੀਟੇਬਲ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰੇ ਦੇ ਹਸਪਤਾਲ 'ਚ ਫ਼ਿਸਿਓਥੈਰੇਪੀ ਸੈਂਟਰ, ਡੈਂਟਲ ਕਲੀਨਿਕ, ਹੋਮਿਓਪੈਥੀ ਕਲੀਨਿਕ, ਡਾਇਲਸਿਸ ਸੈਂਟਰ, ਜਨਰਲ ਮੈਡੀਸਿਨ ਕਲੀਨਿਕ ਅਤੇ ਲੈਬੋਰਟਰੀ ਰਾਹੀਂ ਲੋਕ ਭਲਾਈ ਦੀ ਮਹਾਨ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਬਹੁਤ ਹੀ ਮਾਮੂਲੀ ਦਾਰਾਂ 'ਤੇ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
- With inputs from our correspondent