LPU protest: ਵਿਦਿਆਰਥੀਆਂ ਦੀ ਪੁਲਿਸ ਨਾਲ ਝੜਪ, ਪੁਲਿਸ ਕੈਂਪਸ ਅੰਦਰ ਦਾਖਲ; 10 ਦਿਨਾਂ ਲਈ ਕਲਾਸਾਂ ਮੁਅੱਤਲ, ਮਿਡ-ਟਰਮ ਪ੍ਰੀਖਿਆਵਾਂ ਮੁਲਤਵੀ
ਫਗਵਾੜਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਫਗਵਾੜਾ ਵਿਖੇ ਐਤਵਾਰ ਸ਼ਾਮ ਨੂੰ ਇੱਕ ਵਿਦਿਆਰਥਣ ਦੀ ਮੌਤ ਨਾਲ ਸਬੰਧਤ ਦੋਸ਼ਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ ਹੋ ਗਈ।
ਇਹ ਘਟਨਾ ਲਗਭਗ ਰਾਤ 8 ਵਜੇ ਵਾਪਰੀ, ਜਦੋਂ ਪੁਲਿਸ ਨੇ ਹਿੰਸਾ ਨੂੰ ਰੋਕਣ ਦੀ ਸਾਵਧਾਨੀ ਵਜੋਂ ਆਲੇ-ਦੁਆਲੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸਨ, ਪਰ ਪ੍ਰਦਰਸ਼ਨਕਾਰੀ ਕਥਿਤ ਤੌਰ 'ਤੇ ਪੱਥਰਬਾਜ਼ੀ ਕਰਦੇ ਰਹੇ। ਸ਼ਾਮ ਕਰੀਬ 7.30 ਵਜੇ ਪੁਲਿਸ ਮੁਲਾਜ਼ਮਾਂ 'ਤੇ ਬੋਤਲਾਂ ਸੁੱਟੇ ਜਾਣ ਮਗਰੋਂ ਹਾਲਾਤ ਵਿਗੜ ਗਏ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਇਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਅਤੇ ਤਿੰਨ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਕਈ ਪੁਲਿਸ ਵਾਹਨ ਕਥਿਤ ਤੌਰ 'ਤੇ ਅੱਗ ਦੀ ਭੇਟ ਚੜ੍ਹ ਗਏ, ਜਿਸ ਮਗਰੋਂ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਰਹੇ ਅਤੇ ਪੁਲਿਸ ਨੇ ਰਾਤ ਕਰੀਬ 9 ਵਜੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਸ਼ਨੀਵਾਰ ਰਾਤ ਤੋਂ ਸ਼ੁਰੂ ਹੋਇਆ ਵਿਵਾਦ
ਇਹ ਪ੍ਰਦਰਸ਼ਨ ਸ਼ਨੀਵਾਰ ਰਾਤ ਉਦੋਂ ਸ਼ੁਰੂ ਹੋਇਆ, ਜਦੋਂ ਸੋਸ਼ਲ ਮੀਡੀਆ 'ਤੇ ਸੁਨੇਹੇ ਫੈਲਣ ਲੱਗੇ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਹੋਇਆ ਸੀ, ਜਿਸ ਮਗਰੋਂ ਉਸ ਨੇ ਖੁਦ ਕੁਸ਼ੀ ਕਰ ਲਈ। ਇਨ੍ਹਾਂ ਦਾਅਵਿਆਂ ਦੇ ਫੈਲਣ ਮਗਰੋਂ ਹਜ਼ਾਰਾਂ ਵਿਦਿਆਰਥੀ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਲੱਗੇ। ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਕੈਂਪਸ ਦੇ ਕੁਝ ਹਿੱਸਿਆਂ ਵਿੱਚ ਭੰਨਤੋੜ ਕੀਤੀ ਅਤੇ ਅੱਗ ਲਗਾਈ।
ਪੁਲਿਸ ਜਾਂਚ ਅਤੇ ਐਫਆਈਆਰ
ਪੁਲਿਸ ਨੇ ਸ਼ੁਰੂ ਵਿੱਚ ਸਪੱਸ਼ਟ ਕੀਤਾ ਸੀ ਕਿ ਜਾਂਚ ਵਿੱਚ ਜਬਰ ਜਨਾਹ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਤਣਾਅ ਵਧਣ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕਰ ਲਈ ਗਈ। ਇੱਕ ਵਿਸ਼ੇਸ਼ ਜਾਂਚ ਟੀਮ (SIT) ਵੀ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਹੈ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਬਰ ਜਨਾਹਦੇ ਦੋਸ਼ਾਂ ਨੂੰ "ਅਫਵਾਹਾਂ" ਦੱਸਦਿਆਂ ਇਨਕਾਰ ਕੀਤਾ ਹੈ, ਸ਼ੁਰੂਆਤੀ ਜਾਂਚ ਵਿੱਚ ਜਬਰ ਜਨਾਹਦਾ ਕੋਈ ਸਬੂਤ ਨਾ ਮਿਲਣ ਦੀ ਗੱਲ ਕਹੀ ਗਈ ਹੈ।
ਫਗਵਾੜਾ ਐਸਪੀ ਮੇਜਰ ਸਿੰਘ, ਡੀਐਸਪੀ ਪਲਵਿੰਦਰ ਸਿੰਘ ਅਤੇ ਐਸਡੀਐਮ ਨਵਜੋਤ ਸ਼ਰਮਾ ਪੂਰੀ ਘਟਨਾ ਦੌਰਾਨ ਮੌਕੇ 'ਤੇ ਮੌਜੂਦ ਰਹੇ । ਸ਼ਾਮ ਕਰੀਬ 7.45 ਵਜੇ ਪੁਲਿਸ ਮੁੜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਹਨ, ਨਾਲ ਹੀ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਸਾਰੀਆਂ ਵੀਡੀਓਜ਼ ਆਪਣੇ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ, ਪਰ ਵਿਦਿਆਰਥੀਆਂ ਨੇ ਇਹ ਭਰੋਸਾ ਵੀ ਸਵੀਕਾਰ ਨਹੀਂ ਕੀਤਾ ਅਤੇ ਪੁਲਿਸ ਖਿਲਾਫ ਦੋਸ਼ ਲਗਾਉਂਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਵਾਲ ਚੁੱਕਦੇ ਰਹੇ।
ਪ੍ਰਦਰਸ਼ਨਕਾਰੀ ਵਿਦਿਆਰਥੀ ਪੁਲਿਸ ਜਾਂਚ ਤੋਂ ਅਸੰਤੁਸ਼ਟ ਨਜ਼ਰ ਆਏ ਅਤੇ ਮਾਮਲੇ ਨੂੰ ਨਿਪਟਾਉਣ ਦੇ ਤਰੀਕੇ 'ਤੇ ਸਵਾਲ ਚੁੱਕਦੇ ਰਹੇ। ਉਹ ਅਧਿਕਾਰੀਆਂ ਤੋਂ ਸਪੱਸ਼ਟ ਅਤੇ ਤਸੱਲੀਬਖਸ਼ ਜਵਾਬ ਦੀ ਮੰਗ ਕਰਦੇ ਰਹੇ।
ਐਸਐਸਪੀ ਦਾ ਬਿਆਨ
ਕਪੂਰਥਲਾ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ 'ਤੇ ਪੁਲਿਸ 'ਤੇ ਪੱਥਰਬਾਜ਼ੀ ਸ਼ੁਰੂ ਕਰਨ ਅਤੇ ਪੁਲਿਸ ਦੀ ਇੱਕ ਜੀਪ ਨੂੰ ਅੱਗ ਲਗਾਉਣ ਮਗਰੋਂ ਹਾਲਾਤ ਹੋਰ ਵਿਗੜ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਾਂਚ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਦਮ ਚੁੱਕੇ ਸਨ ਅਤੇ ਸੀਸੀਟੀਵੀ ਫੁਟੇਜ ਸਮੇਤ ਸਬੰਧਤ ਸਬੂਤ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਸਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੈ ਕੇ ਕੁਝ ਵਿਦਿਆਰਥੀਆਂ ਵਿੱਚ ਅਵਿਸ਼ਵਾਸ ਬਣਿਆ ਰਿਹਾ। ਐਸਐਸਪੀ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਨੂੰ ਸ਼ਾਂਤ ਕਰਨਾ ਮੁਸ਼ਕਲ ਸਾਬਤ ਹੋਇਆ।
ਕਲਾਸਾਂ 10 ਦਿਨਾਂ ਲਈ ਮੁਲਤਵੀ
ਵਧਦੇ ਤਣਾਅ ਦਰਮਿਆਨ ਯੂਨੀਵਰਸਿਟੀ ਵੱਲੋਂ 10 ਦਿਨਾਂ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਮਿਡ-ਟਰਮ ਇਮਤਿਹਾਨ ਵੀ ਮੁਲਤਵੀ ਕਰ ਦਿੱਤੇ ਗਏ ਹਨ। ਇਸ ਮਾਮਲੇ ਨੇ ਸਿਆਸੀ ਰੰਗ ਵੀ ਫੜ ਲਿਆ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾਕ੍ਰਮ ਲਈ ਸੂਬਾ ਸਰਕਾਰ 'ਤੇ ਦੋਸ਼ ਲਗਾਏ ਹਨ, ਜਦਕਿ ਮਾਮਲੇ ਨੂੰ ਲੈ ਕੇ ਸਿਆਸੀ ਬਹਿਸ ਵੀ ਤੇਜ਼ ਹੋ ਗਈ ਹੈ।
ਪੁਲਿਸ ਅਤੇ ਪ੍ਰਸ਼ਾਸਨ ਹਾਲੇ ਵੀ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਯਤਨ ਜਾਰੀ ਹਨ।
- PTC NEWS