ਐਨਆਈਏ ਵੱਲੋਂ ਖ਼ਾਲਸਾ ਏਡ ਦੇ ਦਫ਼ਤਰ ’ਤੇ ਛਾਪੇਮਾਰੀ ਮੰਦਭਾਗੀ ਕਾਰਵਾਈ- ਐਡਵੋਕੇਟ ਧਾਮੀ
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਵੱਲੋਂ ਖ਼ਾਲਸਾ ਏਡ ਦੇ ਦਫ਼ਤਰ ਅਤੇ ਸੰਸਥਾ ਨਾਲ ਸਬੰਧਤ ਪ੍ਰਬੰਧਕ ਦੇ ਘਰ ਛਾਪੇਮਾਰੀ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਮਾਨਵ ਭਲਾਈ ਦੇ ਖੇਤਰ ਵਿੱਚ ਸਿੱਖ ਸੰਸਥਾਵਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਨਜ਼ਰਅੰਦਾਜ ਕਰਕੇ ਅਜਿਹਾ ਕਰਨਾ ਬੇਹੱਦ ਮੰਦਭਾਗੀ ਕਾਰਵਾਈ ਹੈ।
ਉਨ੍ਹਾਂ ਆਖਿਆ ਕਿ ਸਿੱਖਾਂ ਦਾ ਇਹ ਖਾਸਾ ਹੈ ਕਿ ਉਹ ਗੁਰੂ ਸਾਹਿਬਾਨ ਦੀ ਸਿਖਿਆ ਅਤੇ ਸਿਧਾਂਤਾਂ ’ਤੇ ਚੱਲਦਿਆਂ ਹਮੇਸ਼ਾ ਹੀ ਲੋੜਵੰਦਾਂ ਲਈ ਧਰਵਾਸ ਬਣਦੇ ਹਨ। ਦੁਨੀਆ ਵਿਚ ਕਿਤੇ ਵੀ ਮੁਸ਼ਕਲ ਆਵੇ ਤਾਂ ਸਿੱਖ ਮੋਹਰੀ ਹੋ ਕੇ ਮੱਦਦਗਾਰ ਹੁੰਦੇ ਹਨ। ਖ਼ਾਲਸਾ ਏਡ ਸੰਸਥਾ ਵੀ ਅਜਿਹੀਆਂ ਹੀ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਬਿਨਾਂ ਭੇਦ ਭਾਵ ਦੇ ਵਿਸ਼ਵਭਰ ਵਿੱਚ ਮਾਨਵਤਾ ਦੀ ਸੇਵਾ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਮਾਨਵਹਿਤਕਾਰੀ ਸੰਸਥਾਵਾਂ ਦੇ ਆਗੂਆਂ ਨੂੰ ਪਰੇਸ਼ਾਨ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜਾਂਚ ਦੀ ਜ਼ਰੂਰਤ ਸੀ ਤਾਂ ਖ਼ਾਲਸਾ ਏਡ ਦੇ ਜੁੰਮੇਵਾਰ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ ਬੁਲਾਇਆ ਜਾ ਸਕਦਾ ਸੀ। ਬਿਨਾਂ ਨੋਟਿਸ ਤੋਂ ਦਫ਼ਤਰ ਅਤੇ ਘਰਾਂ ਦੀ ਪੁਣਛਾਣ ਕਰਕੇ ਭੈਅ ਦਾ ਮਾਹੌਲ ਬਣਾਉਣਾ ਜਾਇਜ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਔਖੇ ਸਮੇਂ ਸਿੱਖ ਸੰਸਥਾਵਾਂ ਹੀ ਰਾਹਤ ਕਾਰਜ ਸਭ ਤੋਂ ਅੱਗੇ ਹੋ ਕੇ ਕਰਦੀਆਂ ਹਨ।
ਕੋਰੋਨਾ ਮਹਾਂਮਾਰੀ ਦਾ ਭਿਆਨਕ ਦੌਰ ਇਸ ਦੀ ਸਭ ਤੋਂ ਤਾਜ਼ਾ ਉਦਾਹਰਨ ਹੈ ਜਦੋਂ ਸਿੱਖ ਸੰਸਥਾਵਾਂ ਦੇ ਸੇਵਾਦਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਾਨਵਤਾ ਦੀ ਸੇਵਾ ਕੀਤੀ ਸੀ।
- PTC NEWS