ਗੁ. ਸੰਤਸਰ ਸਾਹਿਬ ਵਿਖੇ 19ਵੇਂ ਸੰਪਟ ਅਖੰਡ ਪਾਠ ਸਾਹਿਬ ਦੀ ਹੋਈ ਅਰੰਭਤਾ
ਚੰਡੀਗੜ੍ਹ: ਮਸਤੂਆਣਾ ਸਾਹਿਬ ਦੀ ਸੰਪਰਦਾ ਨਾਲ ਸਬੰਧਤ ਸਿਟੀ ਬਿਊਟੀਫੁਲ ਦੇ ਸੈਕਟਰ 38(ਵੈਸਟ) ਸਥਿਤ ਗੁਰਦੁਆਰਾ ਸੰਤਸਰ ਸਾਹਿਬ ਵਿਖੇ 7 ਅਗਸਤ (ਸੋਮਵਾਰ) ਨੂੰ 19ਵੇਂ ਸੰਪਟ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ, ਜਿਸਦੇ ਭੋਗ 13 ਅਗਸਤ (ਐਤਵਾਰ) ਨੂੰ ਪਾਏ ਜਾਣਗੇ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸਰੂਪ ਸਿੰਘ ਜੀਆਂ ਦੀ ਰਹਿਨੁਮਾਈ ਹੇਠ ਨਾਨਕਸਰ ਦੇ ਜੱਥੇ ਵੱਲੋਂ ਇਸ ਮਹਾਨ ਸੰਪਟ ਪਾਠ ਦੀ ਆਰੰਭਤਾ ਕੀਤੀ ਗਈ। ਨਾਨਕਸਰ ਜਗਰਾਓਂ ਤੋਂ ਬਾਬਾ ਅਮਰਜੀਤ ਸਿੰਘ ਵੱਲੋਂ ਇਸ ਜੱਥੇ ਦੀ ਅਗਵਾਈ ਕੀਤੀ ਗਈ ਹੈ। ਇੱਕ ਹਫ਼ਤੇ ਤੱਕ ਚਲਣ ਵਾਲੇ ਇਸ ਗੁਰਮਤਿ ਸਮਾਗਮ 'ਚ ਹਰ ਸਾਲ ਜਿੱਥੇ ਦੂਰ ਦੁਰਾਡਿਓਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਹਨ। ਉੱਥੇ ਹੀ ਗੁਰੂ ਦੀਆਂ ਸੰਗਤਾਂ ਵੱਲੋਂ ਚੌਵੀ ਘੰਟਿਆਂ ਦਰਮਿਆਨ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਤਨ-ਮਨ ਨਾਲ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਜਾਪ ਵੀ ਕਿਤੇ ਜਾਂਦੇ ਹਨ। ਇਸ ਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਸੰਗਤਾਂ ਲਈ ਗੁਰਦੁਆਰੇ ਦੇ ਅਧਿਕਾਰਤ ਫੇਸਬੁੱਕ ਪੇਜ ਅਤੇ ਯੂ-ਟਿਊਬ ਪੇਜ ਉੱਤੇ ਵੀ ਸੰਪਟ ਅਖੰਡ ਪਾਠ ਦੌਰਾਨ ਸਵੇਰੇ 'ਆਸਾ ਕੀ ਵਾਰ' ਅਤੇ ਸ਼ਾਮੀ ਰਹਿਰਾਸ ਸਾਹਿਬ ਮਗਰੋਂ ਦੀਵਾਨ ਦਾ ਲਾਈਵ ਪ੍ਰਸਾਰਣ ਕੀਤਾ ਜਾਂਦਾ ਹੈ।
ਗੁਰਦੁਆਰਾ ਸੰਤਸਰ ਸਾਹਿਬ ਸੇਵਾ ਟ੍ਰਸਟ ਵੱਲੋਂ ਪਿਛਲੇ 19 ਸਾਲਾਂ ਤੋਂ ਨਿਰਵਿਘਨ ਨਾਨਕਸਰ ਸੰਪਰਦਾ ਦੇ ਮੇਲ ਨਾਲ ਇਸ ਪਾਵਨ ਅਸਥਾਨ 'ਤੇ ਪਵਿੱਤਰ ਗੁਰਬਾਣੀ ਦੇ ਸੰਪਟ ਅਖੰਡ ਪਾਠ ਕਰਵਾਏ ਜਾ ਰਹੇ ਹਨ।
- PTC NEWS