ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰੋਧੀ ਪਾਰਟੀਆਂ ਨੂੰ ਨਸ਼ਿਆਂ ਖਿਲਾਫ਼ ਜੰਗ ਵਿੱਚ ਸਾਥ ਦੇਣ ਦੀ ਅਪੀਲ

By  Joshi June 20th 2017 10:28 AM

ਨਸ਼ਿਆਂ ਦਾ ਕਾਰੋਬਾਰ ਤਿਆਗੋ ਜਾਂ ਫਿਰ ਨਤੀਜੇ ਭੁਗਤੋ-ਮੁੱਖ ਮੰਤਰੀ ਚੰਡੀਗੜ, 19 ਜੂਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰਾਂ ਨੂੰ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋ ਪੁੱਟਣ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਤਾੜਨਾ ਕੀਤੀ ਕਿ ਜੇਕਰ ਇਸ ਧੰਦੇ ਤੋਂ ਕਿਨਾਰਾ ਨਾ ਕੀਤਾ ਤਾਂ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਫਿਰ ਚਾਹੇ ਕੋਈ ਸਰਕਾਰ ਦੇ ਵਿੱਚ ਜਾਂ ਬਾਹਰੀ ਹੋਵੇ। ਵਿਧਾਨ ਸਭਾ ਵਿੱਚ ਅੱਜ ਰਾਜਪਾਲ ਦੇ ਭਾਸ਼ਮ ’ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜਾਂ ਤਾਂ ਇਸ ਧੰਦੇ ਨੂੰ ਛੱਡ ਕੇ ਆਮ ਨਾਗਰਿਕਾਂ ਵਾਂਗ ਰਹਿਣ ਲੱਗ ਜਾਓ ਨਹੀਂ ਤਾਂ ਕਾਨੂੰਨ ਦੀਆਂ ਲੰਮੀਆਂ ਬਾਹਾਂ ਬੇਝਿਜਕ ਨਾਲ ਕਾਬੂ ਕਰਨ ਲੈਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ਾ ਤਸਕਰ ਜਾਂ ਤਾਂ ਸੂਬੇ ਨੂੰ ਛੱਡ ਗਏ ਹਨ ਜਾਂ ਫਿਰ ਪਿਛਲੀ ਸਰਕਾਰ ਦੌਰਾਨ ਹਾਸਲ ਹੁੰਦੀ ਰਹੀ ਸਰਪ੍ਰਸਤੀ ਹੁਣ ਖੁੱਸ ਜਾਣ ਕਾਰਨ ਲੁਕ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਪੁਲੀਸ ਤੇ ਸਿਵਲ ਅਧਿਕਾਰੀਆਂ, ਸਿਆਸਤਦਾਨਾਂ ਅਤੇ ਹੋਰ ਵਿਅਕਤੀਆਂ ਨਾਲ ਭੋਰਾ ਵੀ ਲਿਹਾਜ਼ ਨਹੀਂ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ, ‘‘ਸਾਨੂੰ ਦੇਰ ਤਾਂ ਭਾਵੇਂ ਹੋ ਜਾਵੇ ਪਰ ਪੰਜਾਬ ਵਿੱਚੋਂ ਨਸ਼ਿਆਂ ਦਾ ਖੁਰਾ-ਖੋਜ ਮਿਟਾ ਦੇਵਾਂਗੇ।’’ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ 13 ਜੂਨ, 2017 ਤੱਕ ਟਾਸਕ ਫੋਰਸ ਨੇ ਪੁਲੀਸ ਨਾਲ ਐਨ.ਡੀ.ਪੀ.ਐਸ. ਐਕਟ ਤਹਿਤ 3845 ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੁਝ ਪੁਲੀਸ ਅਧਿਕਾਰੀਆਂ ਸਮੇਤ 4438 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਨੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏ.ਐਸ.ਆਈ. ਅਜੈਬ ਸਿੰਘ ਦੀ ਮਿਸਾਲ ਦਿੱਤੀ ਜਿਨਾਂ ਨੂੰ ਨਸ਼ਿਆਂ ਦੇ ਮਾਮਲਿਆਂ ਵਿੱਚ ਕਾਬੂ ਕੀਤਾ ਗਿਆ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਤੋਂ ਇਲਾਵਾ 58 ਕਿਲੋ ਹੈਰੋਇਨ ਫੜੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਨਸ਼ਾ ਤਸਕਰਾਂ ਅਤੇ ਤਸਕਰਾਂ, ਪੁਲੀਸ ਅਤੇ ਸੱਤਾ ਵਿੱਚ ਹੋਰ ਵਿਅਕਤੀਆਂ ਦਾ ਗੱਠਜੋੜ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵੇਲੇ ਸਰਪ੍ਰਸਤੀ ਹਾਸਲ ਕਰਕੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਹੁਣ ਅਜਿਹੀ ਸ਼ਹਿ ਮਿਲਣੀ ਬੰਦ ਹੋ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਆਲ ਇੰਡੀਆ ਐਸੋਸੀਏਸ਼ਨ ਆਫ ਫਾਰਮਾਸੁਟੀਕਲ ਦੇ ਅਨੁਮਾਨ ਮੁਤਾਬਕ ਸਿੰਥੈਟਿਕ ਨਸ਼ਾ ਤਿਆਰ ਕਰਨ ਲਈ ਸ਼ਡਿੳੂਲ-ਐਚ ਦਵਾਈ ਦੀ ਸੂਬੇ ਵਿੱਚ ਹੁੰਦੀ ਸਪਲਾਈ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 40 ਫੀਸਦੀ ਗਿਰਾਵਟ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਕਾਰਤਮਕ ਸਿੱਟੇ ਉਨਾਂ ਨੂੰ ਸੰਤੁਸ਼ਟ ਨਹੀਂ ਕਰਦੇ ਪਰ ਨਸ਼ਾ ਤਸਕਰਾਂ ਨੂੰ ਖੁੱਲ ਅਤੇ ਸਹਿਯੋਗ ਨਾ ਦੇਣ ਲਈ ਉਨਾਂ ਦੀ ਸਰਕਾਰ ਦੀ ਵਚਨਬੱਧਤਾ ਦੀ ਗਵਾਹੀ ਭਰਦੇ ਹਨ ਜਦਕਿ ਪਿਛਲੇ ਸਰਕਾਰ ਨਸ਼ਾ ਤਸਕਰਾਂ ਦਾ ਬੋਲਬਾਲਾ ਸੀ। ਉਨਾਂ ਨੇ ਤਾੜਨਾ ਕੀਤਾ ਕਿ ਨਸ਼ਿਆਂ ਦੇ ਕੋਝੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ, ਚਾਹੇ ਬਾਹਰੀ ਹੋਣ ਜਾਂ ਸਰਕਾਰ ਵਿੱਚ ਹਿੱਸਾ ਹੋਣ। ਪਿਛਲੀ ਸਰਕਾਰ ਵੱਲੋਂ 200 ਕਰੋੜ ਰੁਪਏ ਖਰਚ ਕੇ ਸਥਾਪਤ ਕੀਤੇ ਨਸ਼ਾ ਛੁਡਾੳੂ ਕੇਂਦਰਾਂ ਦੇ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨਸ਼ੇ ਦੀ ਅਲਾਮਤ ਤੇ ਤਸਕਰੀ ਖਿਲਾਫ ਵਿਆਪਕ ਮੁਹਿੰਮ ਵਿੱਢਣ ਦੀ ਤਜਵੀਜ਼ ਹੈ ਅਤੇ ਨਸ਼ੇ ਦੇ ਤਸਕਰਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨਾਂ ਚਿਤਾਵਨੀ ਦਿੱਤੀ,‘‘ਉਨਾਂ ਨੂੰ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਅਤੇ ਅਸੀਂ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗਾ।’’ —PTC News

Related Post