ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਪ੍ਰਾਪਤ ਹੋਇਐ -ਸ੍ਰੀ ਸਾਦਿਕ ਖਾਨ

By  Joshi December 6th 2017 04:25 PM

ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਸੂਚਨਾ ਕੇਂਦਰ ਵਿਖੇ ਐਡਵੋਕੇਟ ਸਿਆਲਕਾ ਅਤੇ ਡਾ. ਰੂਪ ਸਿੰਘ ਨੇ ਕੀਤਾ ਸਨਮਾਨਿਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਪ੍ਰਾਪਤ ਹੋਇਐ -ਸ੍ਰੀ ਸਾਦਿਕ ਖਾਨਅੰਮ੍ਰਿਤਸਰ: ਮਾਨਵਤਾ ਲਈ ਧਾਰਮਿਕ ਸ਼ਰਧਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਨੇ ਨਤਮਸਤਕ ਹੋ ਕੇ ਸ਼ਰਧਾ ਭਾਵ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜੀ-ਆਇਆਂ ਆਖਿਆ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਪ੍ਰਸ਼ਾਦਾ ਛਕਿਆ ਅਤੇ ਕੁਝ ਸਮਾਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਉਹ ਤਿਆਰ ਹੁੰਦਾ ਲੰਗਰ ਵੀ ਦੇਖਣ ਗਏ। ਪਰਕਰਮਾਂ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਮੇਅਰ ਸ੍ਰੀ ਸਾਦਿਕ ਖਾਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਡਿਓਢੀ 'ਤੇ ਜੂਨ ੧੯੮੪ ਦੌਰਾਨ ਫ਼ੌਜੀ ਹਮਲੇ ਸਮੇਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ ਅਤੇ ਇਸ ਦੁਖਾਂਤ ਦੇ ਸੱਚ ਬਾਰੇ ਦੱਸਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਪ੍ਰਾਪਤ ਹੋਇਐ -ਸ੍ਰੀ ਸਾਦਿਕ ਖਾਨਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਸ੍ਰੀ ਸਾਦਿਕ ਖਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਮਹਾਨ ਧਾਰਮਿਕ ਅਸਥਾਨ ਹੈ ਅਤੇ ਇਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਾਪਤ ਹੋਇਆ ਹੈ। ਉਨ੍ਹਾਂ ਇੰਗਲੈਂਡ ਦੀ ਤਰੱਕੀ ਵਿਚ ਸਿੱਖਾਂ ਦੇ ਯੋਗਦਾਨ ਦੀ ਸਰਾਹਨਾ ਵੀ ਕੀਤੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਪ੍ਰਾਪਤ ਹੋਇਐ -ਸ੍ਰੀ ਸਾਦਿਕ ਖਾਨਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਸਾਦਿਕ ਖਾਨ ਨੂੰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਲੋਈ, ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।

—PTC News

Related Post