ਗੁਰਦਾਸਪੁਰ ਦੇ ਮੇਲੇ 'ਚ ਡਿੱਗਿਆ ਟਾਵਰ, ਹੇਠਾਂ ਦੱਬਣ ਕਾਰਨ ਨੌਜਵਾਨ ਦੀ ਮੌਤ

ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਮੇਲਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।

By  Amritpal Singh April 19th 2024 07:27 PM -- Updated: April 19th 2024 07:57 PM

Punjab News: ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਮੇਲਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।

ਦੱਸ ਦੇਈਏ ਕਿ ਮੇਲੇ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਮੇਲਾ ਪ੍ਰਬੰਧਕਾਂ ਨੇ 30-30 ਫੁੱਟ ਉੱਚੇ ਲੋਹੇ ਦੇ ਟਾਵਰ ਲਗਾਏ ਸਨ, ਇਹ ਟਾਵਰ ਜ਼ਮੀਨ ਵਿੱਚ ਦੱਬੇ ਨਹੀਂ ਹੋਏ ਸਨ, ਜ਼ਮੀਨ ’ਤੇ ਰੱਖ ਕੇ ਹੀ ਕੰਮ ਚੱਲ ਰਿਹਾ ਸੀ। ਸ਼ਾਮ ਵੇਲੇ ਤੇਜ਼ ਹਨੇਰੀ ਕਾਰਨ ਲੋਹੇ ਦਾ ਵੱਡਾ ਟਾਵਰ ਡਿੱਗ ਗਿਆ, ਜਿਸ ਨਾਲ ਮੇਲਾ ਦੇਖਣ ਆਏ ਇੱਕ ਨੌਜਵਾਨ ਦੀ ਮੌਤ ਹੋ ਗਈ।

ਨੌਜਵਾਨ ਦੇ ਨਾਲ ਆਏ ਉਸ ਦੇ ਦੋਸਤ ਨੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਕਲੀਚਪੁਰ ਵਜੋਂ ਹੋਈ ਹੈ। ਅਰਵਿੰਦਰ ਦੇ ਦੋਸਤ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਮੇਲਾ ਦੇਖਣ ਆਇਆ ਸੀ। ਇਸ ਦੌਰਾਨ ਤੇਜ਼ ਤੂਫਾਨ ਨਾਲ ਟਾਵਰ ਡਿੱਗਣ ਕਾਰਨ ਅਰਵਿੰਦਰ ਹੇਠਾਂ ਦੱਬ ਗਿਆ।

ਇਸ ਦੌਰਾਨ ਟਾਵਰ 'ਤੇ ਲਾਈਟਾਂ ਲਗਾ ਰਿਹਾ ਅਜੈ ਕੁਮਾਰ ਵੀ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਕੋਈ ਵੀ ਮਦਦ ਲਈ ਨਹੀਂ ਪਹੁੰਚਿਆ। ਉਸ ਨੇ ਆਪ ਹੀ ਅਰਵਿੰਦਰ ਨੂੰ ਟਾਵਰ ਦੇ ਹੇਠਾਂ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ। ਨੇੜੇ ਖੜ੍ਹੇ ਸੁਰੱਖਿਆ ਗਾਰਡ ਵੀ ਮਦਦ ਲਈ ਅੱਗੇ ਨਹੀਂ ਆਏ। ਮ੍ਰਿਤਕ ਅਰਵਿੰਦਰ ਕੁਮਾਰ ਦਾ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ।

Related Post