'ਇਨ੍ਹਾਂ ਨੇ ਛਿੱਤਰਾਂ ਬਿਨਾਂ ਬੰਦੇ ਨਹੀਂ ਬਣਨਾ...' ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਧਮਕੀ, ਅਰਜੁਨ ਨਾਲ ਕੀਤੀ ਖੁਦ ਦੀ ਤੁਲਨਾ, ਵੇਖੋ ਵੀਡੀਓ
MP Hans Raj Hans warned farmers: ਮੈਂਬਰ ਪਾਰਲੀਮੈਂਟ ਅਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ (BJP candidate) ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ (SKM) ਦੇ ਸੱਦੇ 'ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੰਸ ਰਾਜ ਜਿਥੇ ਵੀ ਪ੍ਰਚਾਰ ਕਰਨ ਲਈ ਪਹੁੰਚਦੇ ਹਨ, ਕਿਸਾਨ ਖਲਲ ਪਾ ਦਿੰਦੇ ਹਨ। ਵੀਰਵਾਰ ਨੂੰ ਵੀ ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਫ਼ਰੀਦਕੋਟ (Faridkot Lok Sabha) ਦੇ ਇੱਕ ਪਿੰਡ 'ਚ ਜ਼ੋਰਦਾਰ ਵਿਰੋਧ ਕੀਤਾ ਗਿਆ, ਪਰ ਇਸ ਵਾਰ ਭਾਜਪਾ ਉਮੀਦਵਾਰ ਨੇ ਕਿਸਾਨਾਂ ਨੂੰ ਸਿੱਧਾ ਧਮਕੀ ਹੀ ਦੇ ਮਾਰੀ। ਉਨ੍ਹਾਂ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਵਿਵਾਦ ਬਿਆਨ ਦਿੰਦਿਆਂ 2 ਤਰੀਕ ਤੋਂ ਬਾਅਦ ਨਾਂ ਨੋਟ ਕਰ ਲੈਣ ਅਤੇ ਉਨ੍ਹਾਂ ਨਾਲ ਨਿਪਟਣ ਤੱਕ ਕਹਿ ਦਿੱਤਾ।
'ਮੇਰੀ ਬੋਲੀ ਜ਼ਰੂਰ ਨਰਮ ਐ..ਪਰ ਮੇਰੇ ਕੰਮ...'
ਇਸਤੋਂ ਪਹਿਲਾਂ ਜਦੋਂ ਹੰਸ ਰਾਜ ਪਿੰਡ ਬਹਿਲੇਵਾਲਾ 'ਚ ਪ੍ਰਚਾਰ ਕਰਨ ਪਹੁੰਚ ਰਹੇ ਸਨ ਤਾਂ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਮੌਜੂਦ ਰਿਹਾ, ਜਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਉਪਰੰਤ ਭਾਜਪਾ ਉਮੀਦਵਾਰ ਨੇ ਪ੍ਰਚਾਰ ਦੌਰਾਨ ਆਪਣਾ ਇਹ ਵਿਵਾਦਤ ਬਿਆਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀ ਬੋਲੀ ਜ਼ਰੂਰ ਨਰਮ ਹੈ, ਪਰ ਮੇਰੇ ਜਿਹੜੇ ਕੰਮ ਐ...ਤੁਹਾਡੇ ਸਾਰਿਆਂ ''ਚੋਂ ਭਾਈ ਜੀਵਨ ਸਿੰਘ ਬੋਲਿਆ ਕਰੇਗਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਕਿਸੇ ਤੋਂ ਘਬਰਾਉਣ ਤੇ ਡਰਨ ਦੀ ਲੋੜ ਨਹੀਂ। 2 ਤਰੀਕ ਤੋਂ ਬਾਅਦ ਇਹ ਤੁਹਾਡੇ ਪੈਰਾਂ 'ਚ ਆ ਕੇ ਡਿੱਗਣਗੇ। ਦੱਸ ਦਿਓ ਇਨ੍ਹਾਂ ਨੂੰ ਹੁਣ ਯੁੱਗ ਪਲਟਣ ਲੱਗਾ ਹੈ। ਉਨ੍ਹਾਂ ਕਿਹਾ, ''ਪਹਿਲੀ ਤਰੀਕ ਨੂੰ ਇਨ੍ਹਾਂ ਨੂੰ ਜਵਾਬ ਦੇ ਦਿਓ, ਤੇ 2 ਤਰੀਕ ਨੂੰ ਫੇਰ ਮੇਰੇ ਤੋਂ ਜਵਾਬ ਲੈ ਲਿਓ ਜਿਹੜੀਆਂ ਜ਼ਿਆਦਤੀਆਂ ਹਨ।''
'ਗਰੀਬ ਆਦਮੀ ਦੇ ਗੁੱਸੇ ਤੋਂ ਬਚੋ...'
ਉਨ੍ਹਾਂ ਕਿਸਾਨਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਪਰਸੋਂ ਇਨ੍ਹਾਂ ਨੇ ਲਾਲਿਆਂ ਤੋਂ ਬਾਜ਼ਾਰ 'ਚ ਡਾਂਗਾ ਖਾਧੀਆਂ ਸਨ, ਉਥੇ ਹੀ ਬੈਠ ਜਾਂਦੇ ਤੇ ਹੋਰ ਖਾ ਲੈਂਦੇ ਡਾਂਗਾਂ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਤਾਂ ਮੇਰੇ ਸਾਂਭੇ ਹੋਏ ਹਨ ਕਿ ਤੁਸੀ ਕਿਸੇ ਨਾਲ ਲੜਾਈ ਨਾ ਕਰਿਓ, ਰੋਜ਼ਾਨਾ ਇਨ੍ਹਾਂ ਨੂੰ ਅਪੀਲ ਕਰਦਾਂ ਹਾਂ, ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ, ਜਦ ਗਰੀਬ ਆਦਮੀ ਨੂੰ ਗੁੱਸਾ ਆ ਜਾਵੇ ਤਾਂ ਅੱਗ ਲਾ ਦਿੰਦੈ ਧਰਤੀ ਨੂੰ, ਗਰੀਬ ਆਦਮੀ ਦੇ ਗੁੱਸੇ ਤੋਂ ਬਚੋ। ਗਰੀਬ ਦੀ ਬਦਦੂਆ ਤੋਂ ਬਚੋ, ਮੇਰਾ ਸੁਨੇਹਾ ਦੇ ਦਿਓ ਉਨ੍ਹਾਂ ਨੂੰ।
'2 ਤਰੀਕ ਤੋਂ ਬਾਅਦ ਮੈਂ ਦੇਖਾਂਗਾਂ ਕਿਹੜਾ ਖੰਘਦੈ...'
ਉਨ੍ਹਾਂ ਅੱਗੇ ਭਾਜਪਾ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ, ''ਜਿਹੜੇ ਤੁਹਾਨੂੰ ਗਾਲਾਂ ਕੱਢ ਰਹੇ, ਸਮਝੋ ਆਪਣੇ ਮਾਂ-ਪਿਓ ਨੂੰ ਗਾਲਾਂ ਕੱਢ ਰਹੇ ਹਨ ਅਤੇ 2 ਤਰੀਕ ਤੋਂ ਬਾਅਦ ਮੈਂ ਦੇਖਾਂਗਾ ਕਿ ਕਿਹੜਾ ਖੱਬੀ ਖਾਨ ਇਥੇ ਖੰਘਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਦਿਨ ਇਨ੍ਹਾਂ ਅੱਗੇ ਸਿਰ ਵੀ ਝੁਕਾਇਆ ਸੀ ਕਿ ਸਿਰ ਲੈਣਾ ਲੈ ਲਵੋ, ਪਰ ਇਨ੍ਹਾਂ ਨੇ ਬੰਦੇ ਨਹੀਂ ਬਣਨਾ ਛਿੱਤਰਾਂ ਤੋਂ ਬਿਨਾਂ।'' ਉਨ੍ਹਾਂ ਆਪਣਾ ਮੋਬਾਈਲ ਨੰਬਰ ਦਿੰਦੇ ਹੋਏ ਅੱਗੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਗਾਲਾਂ ਕੱਢੇ ਜਾਂ ਰੋਕੇ ਤਾਂ ਸਿਰਫ਼ ਇੱਕ ਵਾਰ ਮੈਨੂੰ ਫੋਨ ਕਰ ਲੈਣਾ।
ਅਰਜੁਨ ਨਾਲ ਕੀਤੀ ਆਪਣੀ ਤੁਲਨਾ
ਹੰਸ ਰਾਜ ਹੰਸ ਨੇ ਇੱਕ ਵਰਕਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡਾ ਨਾਂ ਹੀ ਏਦਾਂ ਦਾ ਹੈ, ਫੇਰ ਤੁਸੀਂ ਰੱਥ ਵਾਲੇ ਹੋ ਤਾਂ ਤੁਹਾਨੂੰ ਅਰਜੁਨ ਨੂੰ ਲੈ ਕੇ ਆਉਣ 'ਚ ਥੋੜ੍ਹੀ ਤਕਲੀਫ ਤਾਂ ਹੋਵੇਗੀ ਹੀ। ਉਨ੍ਹਾਂ ਕਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਰੱਥ ਚਲਾਇਆ ਸੀ, ਤੇ ਅਰਜੁਨ ਨੇ ਤੀਰ ਚਲਾਏ ਸੀ।
- PTC NEWS