ਬਾਲੀਵੁੱਡ ਨੂੰ ਜਕੜ ਰਿਹਾ ਕੋਰੋਨਾ, ਨਿਰਮਾਤਾ ਦੇ ਘਰ ਤੋਂ ਮਿਲੇ 2 ਪਾਜ਼ਿਟਿਵ

By  Panesar Harinder May 22nd 2020 01:22 PM

ਮੁੰਬਈ - ਸਾਰੇ ਦੇਸ਼ ਦੀ ਤਰ੍ਹਾਂ ਫ਼ਿਲਮ ਨਗਰੀ ਮੁੰਬਈ ਤੋਂ ਵੀ ਕੋਰੋਨਾ ਦੀਆਂ ਖ਼ਬਰਾਂ ਰੱਖਣ ਦਾ ਨਾਂਅ ਨਹੀਂ ਲੈ ਰਹੀਆਂ। ਕੋਰੋਨਾ ਮਹਾਮਾਰੀ ਨੇ ਮਹਾਰਾਸ਼ਟਰਾ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਹੈ ਅਤੇ ਹੁਣ ਖ਼ਬਰ ਨਾਮਵਰ ਫ਼ਿਲਮ ਨਿਰਮਾਤਾ ਬੋਨੀ ਕਪੂਰ ਦੇ ਘਰ ਤੋਂ ਆਈ ਹੈ ਜਿੱਥੇ 2 ਹੋਰ ਜਣੇ ਕੋਰੋਨਾ ਵਾਇਰਸ ਤੋਂ ਪਾਜ਼ਿਟਿਵ ਪਾਏ ਗਏ ਹਨ।

ਕੁਝ ਸਮਾਂ ਪਹਿਲਾਂ ਫ਼ਿਲਮ ਨਿਰਮਾਤਾ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗ੍ਰੀਨ ਅਕਰਸ ਵਾਲੇ ਘਰ 'ਚ ਕੰਮ ਕਰਨ ਵਾਲਾ ਇੱਕ ਵਿਅਕਤੀ ਕੋਰੋਨਾ ਟੈਸਟ 'ਚ ਪਾਜ਼ਿਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਬੋਨੀ ਕਪੂਰ, ਉਨ੍ਹਾਂ ਦੀਆਂ ਦੋਵੇਂ ਧੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਸਮੇਤ, ਘਰ 'ਚ ਰਹਿਣ ਵਾਲੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ, ਜਿਨ੍ਹਾਂ 'ਚੋਂ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ, ਜਦੋਂ ਕਿ ਘਰ ਦੇ ਬਾਕੀ ਸਾਰੇ ਮੈਂਬਰ ਸੁਰੱਖਿਅਤ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ, ਬੋਨੀ ਕਪੂਰ ਦੇ ਘਰ 'ਚ ਕੰਮ ਕਰਨ ਵਾਲੇ 23 ਸਾਲ ਦੇ ਚਰਣ ਸਾਹੂ ਨਾਂ ਦੇ ਇੱਕ ਨੌਜਵਾਨ ਦੀ ਸਿਹਤ ਸ਼ਨੀਵਾਰ ਤੋਂ ਖਰਾਬ ਚੱਲ ਰਹੀ ਸੀ। ਟੈਸਟ ਕਰਾਉਣ 'ਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ। ਇਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ। ਇਸ ਬਾਰੇ ਤੁਰੰਤ ਸੁਸਾਇਟੀ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਦਿੱਤੀ। ਚਰਣ ਸਾਹੂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਬੋਨੀ ਕਪੂਰ ਦੇ ਘਰ ਦੇ ਸਾਰੇ ਮੈਂਬਰਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ। ਇਸ ਤੋਂ ਬਾਅਦ ਸਾਰਿਆਂ ਦੀ ਦੁਬਾਰਾ ਜਾਂਚ ਕਰਵਾਈ ਗਈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਘਰ ਦੇ ਦੋ ਹੋਰ ਨੌਕਰਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ।

ਇਸ ਬਾਰੇ ਗੱਲ ਕਰਦੇ ਹੋਏ, ਬੋਨੀ ਕਪੂਰ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਅਤੇ ਹੋਰਨਾਂ ਸਟਾਫ਼ ਮੈਂਬਰਾਂ ਨਾਲ ਘਰ 'ਚ ਸੁਰੱਖਿਅਤ ਹੈ। ਉਨ੍ਹਾਂ ਕਿਹਾ, "ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ, ਅਸੀਂ ਕਿਤੇ ਵੀ ਬਾਹਰ ਨਹੀਂ ਨਿੱਕਲੇ। ਸਾਨੂੰ ਉਮੀਦ ਹੈ ਕਿ ਸਟਾਫ਼ ਦੇ ਇਹ ਲੋਕ ਵੀ ਜਲਦ ਹੀ ਠੀਕ ਹੋ ਜਾਣਗੇ।"

ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਬਾਰੇ ਗੱਲ ਕਰਦੇ ਹੋਏ ਬੋਨੀ ਕਪੂਰ ਨੇ ਕਿਹਾ, "ਬੱਚੇ ਮੇਰੇ ਨਾਲ ਹੀ ਹਨ ਅਤੇ ਉਹ ਬਿਲਕੁਲ ਠੀਕ ਹਨ। ਮੇਰੇ ਸਟਾਫ਼ ਦੇ ਬਾਕੀ ਮੈਂਬਰ ਵੀ ਸਿਹਤਮੰਦ ਹਨ। ਤੁਰੰਤ ਕਾਰਵਾਈ ਕਰਨ ਲਈ ਮੈਂ ਮਹਾਰਾਸ਼ਟਰ ਸਰਕਾਰ ਤੇ ਬੀ.ਐੱਮ.ਸੀ. ਦਾ ਸ਼ੁਕਰਗੁਜ਼ਾਰ ਹਾਂ।''

ਮਹਾਰਾਸ਼ਟਰਾ ਅੰਦਰ ਕੋਰੋਨਾ ਦੀ ਮਾਰ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਕੁੱਲ ਮਾਮਲੇ 41,642, ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 11,726 ਅਤੇ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 1,454 ਦੱਸੀ ਜਾ ਰਹੀ ਹੈ।

Related Post