ਕੋਰੋਨਾ ਪੀੜਤ ਮ੍ਰਿਤਕ ਔਰਤ ਦੇ ਭੋਗ ਵੇਲੇ ਵੀ ਨਹੀਂ ਪਹੁੰਚਿਆ ਪਰਿਵਾਰ, ਪ੍ਰਸਾਸ਼ਨ ਦੇ 3 ਅਧਿਕਾਰੀਆਂ ਨੇ ਪੂਰੀਆਂ ਕੀਤੀਆਂ ਅੰਤਿਮ ਰਸਮਾਂ

By  Shanker Badra April 11th 2020 08:16 PM

ਕੋਰੋਨਾ ਪੀੜਤ ਮ੍ਰਿਤਕ ਔਰਤ ਦੇ ਭੋਗ ਵੇਲੇ ਵੀ ਨਹੀਂ ਪਹੁੰਚਿਆ ਪਰਿਵਾਰ, ਪ੍ਰਸਾਸ਼ਨ ਦੇ 3 ਅਧਿਕਾਰੀਆਂ ਨੇ ਪੂਰੀਆਂ ਕੀਤੀਆਂ ਅੰਤਿਮ ਰਸਮਾਂ:ਲੁਧਿਆਣਾ : ਲੁਧਿਆਣਾ 'ਚ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਪੀੜਤ ਔਰਤ ਸੁਰਿੰਦਰ ਕੌਰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਥਿਤੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦੇ ਤਿੰਨ ਅਧਿਕਾਰੀਆਂ ਨੇ ਮ੍ਰਿਤਕ ਔਰਤ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਾਉਣ ਦਾ ਜਿੰਮਾ ਆਪਣੇ ਸਿਰ ਲਿਆ ਸੀ। ਜਿਸ ਦੀ ਆਤਮਿਕ ਸ਼ਾਂਤੀ ਲਈ ਅੱਜ ਲੁਧਿਆਣਾ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ ਹੈ। ਇਸ ਦੌਰਾਨ ਮ੍ਰਿਤਕਾ ਦੇ ਭੋਗ ਮੌਕੇ ਮ੍ਰਿਤਕਾ ਦਾ ਕੋਈ ਵੀ ਪਰਿਵਾਰਕ ਮੈਂਬਰ ਹਾਜ਼ਰ ਨਹੀਂ ਸੀ ਜਦਕਿ ਭੋਗ ਪਾਉਣ ਅਤੇ ਉਸ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਲੁਧਿਆਣਾ ਦੇ ਤਿੰਨ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐੱਸ ਡੀ.ਐਮ ਅਮਰਿੰਦਰ ਸਿੰਘ ਮੱਲ੍ਹੀ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਸ਼ਾਮਲ ਹਨ। ਦੱਸ ਦੇਈਏ ਕਿ ਸੁਰਿੰਦਰ ਕੌਰ ਦਾ ਬੀਤੇ ਦਿਨੀਂ ਸਥਾਨਕ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਇਸ ’ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਅੰਤਿਮ ਸਸਕਾਰ ਮੌਕੇ ਵੀ ਪਰਿਵਾਰ ਦੇ ਮੈਂਬਰ ਦੂਰ ਗੱਡੀ ਵਿੱਚ ਬੈਠੇ ਰਹੇ ਅਤੇ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਲੈਣ ਅਤੇ ਚਿਖ਼ਾ ਨੂੰ ਅਗਨੀ ਦਿਖਾਉਣ ਆਦਿ ਜ਼ਰੂਰੀ ਰਸਮਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਤਿੰਨ ਅਧਿਕਾਰੀਆਂ ਵੱਲੋਂ ਨਿਭਾਈਆਂ ਗਈਆਂ ਸਨ। -PTCNews

Related Post