550ਵੇਂ ਪ੍ਰਕਾਸ਼ ਪੁਰਬ ਸਬੰਧੀ ਕੇਂਦਰ ਸਰਕਾਰ ਦੀ ਕਮੇਟੀ ਦੀ ਮੀਟਿੰਗ ਦੌਰਾਨ ਭਾਈ ਲੌਂਗੋਵਾਲ ਨੇ ਦਿੱਤੇ ਅਹਿਮ ਸੁਝਾਅ

By  Joshi November 9th 2018 10:02 AM

550ਵੇਂ ਪ੍ਰਕਾਸ਼ ਪੁਰਬ ਸਬੰਧੀ ਕੇਂਦਰ ਸਰਕਾਰ ਦੀ ਕਮੇਟੀ ਦੀ ਮੀਟਿੰਗ ਦੌਰਾਨ ਭਾਈ ਲੌਂਗੋਵਾਲ ਨੇ ਦਿੱਤੇ ਇਹ ਅਹਿਮ ਸੁਝਾਅ,ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਦਿੱਲੀ ਵਿਖੇ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੁਝ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਨੂੰ ਗ੍ਰਹਿ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ।

ਭਾਈ ਲੌਂਗੋਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗਠਿਤ ਕੀਤੀ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਨੇ ਸਿੱਖ ਕੌਮ ਵੱਲੋਂ ਸੁਝਾਅ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਦੇ ਇਸ ਇਤਿਹਾਸਿਕ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਫਿਰਾਖਦਿਲੀ ਨਾਲ ਕਾਰਜ ਕੀਤਾ ਜਾਵੇ। ਇਹ ਸੰਗਤਾਂ ਦੀ ਚਿਰੋਕਣੀ ਮੰਗ ਹੈ ਤੇ ਇਹ ਲਾਂਘਾ ਖੁੱਲ੍ਹਣ ਨਾਲ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਸਰਹੱਦ ਜਿਥੋਂ ਸੰਗਤ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੀ ਹੈ ਵਿਖੇ ਵਧੇਰੇ ਪਹੁੰਚ ਵਾਲੇ ਕੈਮਰੇ ਅਤੇ ਦੂਰਬੀਨਾਂ ਲਗਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਥੇ ਇੱਕ ਟਾਵਰ ਵੀ ਲਗਾਉਣ ਦੀ ਇੱਛਾ ਰੱਖਦੀ ਹੈ ਤਾਂ ਜੋ ਉਸ ’ਤੇ ਵੱਡੀ ਸਕਰੀਨ ਸਥਾਪਿਤ ਕਰਕੇ ਕਰਤਾਰਪੁਰ ਸਾਹਿਬ ਦੇ ਸੰਗਤ ਨੂੰ ਸਿੱਧੇ ਦਰਸ਼ਨ ਕਰਵਾਏ ਜਾ ਸਕਣ। ਭਾਈ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਗੁਰੂ ਸਾਹਿਬ ਨਾਲ ਸਬੰਧਤ ਨਗਰੀ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਐਲਾਨਣ ਅਤੇ ਇਸ ਦੇ ਵਿਕਾਸ ਲਈ ਵਿਸ਼ੇਸ਼ ਰਾਸ਼ੀ ਜਾਰੀ ਕਰਨ ਨੂੰ ਤਰਜੀਹੀ ਤੌਰ ’ਤੇ ਲੈਣ ਨੂੰ ਕਿਹਾ ਹੈ।

ਉਨ੍ਹਾਂ ਕਿਹਾ ਕਿਉਂਕਿ ਸੁਲਤਾਨਪੁਰ ਲੋਧੀ ਵਿਖੇ ਸਾਰੇ ਸਮਾਗਮ ਕੀਤੇ ਜਾਣੇ ਹਨ ਇਸ ਲਈ ਇਥੇ ਕੇਂਦਰ ਸਰਕਾਰ ਵੱਲੋਂ ਸਿੱਖ ਵਿਰਸਤ ਨੂੰ ਰੂਪਮਾਨ ਕਰਦਾ ਅਜਾਇਬ ਘਰ ਬਣਾਇਆ ਜਾਵੇ ਅਤੇ ਸਮੁੱਚੇ ਸ਼ਹਿਰ ਨੂੰ ਚਿੱਟੇ ਰੰਗ ਨਾਲ ਇਕਸਾਰ ਸਜਾਇਆ ਜਾਵੇ। ਸ਼ਹਿਰ ਵਿਚ ਗੁਰੂ ਸਾਹਿਬ ਦੀ ਯਾਦ ਨੂੰ ਦਰਸਾਉਂਦੀ ਵੇਈਂ ਨਦੀ ਦੀ ਸਾਂਭ ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰਮਤਿ ਸਮਾਗਮ ਕਰਵਾਉਣ ਤੇ ਨਗਰ ਕੀਰਤਨ ਸਜਾਉਣ ਲਈ ਕੇਂਦਰ ਸਰਕਾਰ ਵੱਲੋਂ ਇੱਕ ਕਮੇਟੀ ਬਣਾਉਣ ਦਾ ਵੀ ਸੁਝਾਅ ਦਿੱਤਾ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਸ਼ਰਧਾਲੂਆਂ ਦੇ ਜਥਿਆਂ ਦੇ ਮੈਂਬਰਾਂ ਵਿਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਸਕੇ। ਭਾਈ ਲੌਂਗੋਵਾਲ ਨੇ ਇਕੱਤਰਤਾ ਦੌਰਾਨ ਇੱਕ ਅਹਿਮ ਸੁਝਾਅ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਵਿਸ਼ੇਸ਼ ਸਿੱਖਿਆਵਾਂ ਯੂਨੈਸਕੋ ਨੂੰ ਭੇਜੀਆਂ ਜਾਣ ਜੋ ਯੂਨੈਸਕੋ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਦੁਨੀਆਂ ਸਾਹਮਣੇ ਰੱਖਣ ਲਈ ਕਿਹਾ ਜਾਵੇ।

ਗੁਰੂ ਸਾਹਿਬ ਦੀਆਂ ਪਾਵਨ ਸਿੱਖਿਆਵਾਂ ਬਾਰੇ ਲਿਖਤੀ ਦਸਤਾਵੇਜ਼ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਵੇਗਾ ਤਾਂ ਜੋ ਇਹ ਸਿੱਖਿਆਵਾਂ ਮੂਲ ਰੂਪ ਵਿਚ ਦੁਨੀਆ ਤੱਕ ਪਹੁੰਚ ਸਕਣ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਸ. ਤਰਲੋਚਨ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ ਵੀ ਮੌਜੂਦ ਸਨ।

—PTC News

 

Related Post