ਪੰਜਾਬ ਤੋਂ ਬਿਹਾਰ ਪੈਦਲ ਘਰ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਦੀ ਬੱਸ ਨੇ ਦਰੜਿਆ, 6 ਦੀ ਮੌਤ, ਕਈ ਜ਼ਖਮੀ

By  Shanker Badra May 14th 2020 11:46 AM

ਪੰਜਾਬ ਤੋਂ ਬਿਹਾਰ ਪੈਦਲ ਘਰ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਦੀ ਬੱਸ ਨੇ ਦਰੜਿਆ, 6 ਦੀ ਮੌਤ, ਕਈ ਜ਼ਖਮੀ:ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਬੁੱਧਵਾਰ ਦੇਰ ਰਾਤ ਇੱਕ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਜਿਥੇ ਰੋਡਵੇਜ਼ ਦੀ ਬੱਸ ਨੇ ਪੈਦਲ ਘਰ ਜਾ ਰਹੇ ਮਜ਼ਦੂਰਾਂ ਨੂੰ ਕੁਚਲ ਦਿੱਤਾ ਹੈ।

ਪੰਜਾਬ ਤੋਂ ਵਾਪਸ ਘਰ ਜਾ ਰਹੇ ਮਜ਼ਦੂਰਾਂ ਨੂੰ ਮੁਜ਼ੱਫਰਨਗਰ-ਸਹਾਰਨਪੁਰ ਹਾਈਵੇਅ 'ਤੇ ਰੋਡਵੇਜ਼ ਦੀ ਬੱਸ ਨੇ ਦਰੜ ਦਿੱਤਾ ਹੈ। ਇਸ ਹਾਦਸੇ ਵਿੱਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਤੋਂ ਬਾਅਦ ਦੇਰ ਰਾਤ ਸਾਰੇ ਜ਼ਖਮੀਆਂ ਨੂੰ ਮੇਰਠ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਦਰਦਨਾਕ ਹਾਦਸਾ ਮੇਰਠ ਦੇ ਘਲੌਲੀ ਚੌਕੀ ਤੋਂ ਅੱਗੇ ਰੋਹਾਨਾ ਟੋਲ ਪਲਾਜ਼ਾ ਨੇੜੇ ਵਾਪਰਿਆ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਕੁਝ ਮਜ਼ਦੂਰ ਪੰਜਾਬ ਤੋਂ ਪੈਦਲ ਆਪਣੇ ਘਰ ਆ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਨੇ ਉਨ੍ਹਾਂ ਨੂੰ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 6 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਮੇਰਠ ਮੈਡੀਕਲ ਭੇਜਿਆ ਗਿਆ ਹੈ। ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸਿਟੀ ਥਾਣੇ ਦੇ ਇੰਚਾਰਜ ਅਨਿਲ ਕਪਰਵਾਨ ਨੇ 6 ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋ ਮਜ਼ਦੂਰਾਂ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਨੇ ਰੋਡਵੇਜ਼ ਦੀ ਬੱਸ ਨਾਲ ਹਾਦਸੇ ਦੀ ਖ਼ਬਰ ਦਿੱਤੀ ਹੈ।

-PTCNews

Related Post