ਦੁਬਈ 'ਚ ਪੰਜਾਬੀ ਨੌਜਵਾਨ ਦਾ ਦਿਨ-ਦਿਹਾੜੇ ਕਤਲ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
Punjabi Youth murder in Dubai: ਦੁਬਈ ਤੋਂ ਪੰਜਾਬ ਲਈ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਜਲੰਧਰ (Jalandhar News) ਦੇ ਇੱਕ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੇ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਪੰਕਜ ਦੀ ਮੌਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰ ਸਦਮੇ 'ਚ ਹਨ, ਜਦਕਿ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਾਤਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਘਰ 'ਚ ਪੰਕਜ ਦੇ ਵਿਆਹ ਦੀਆਂ ਚੱਲ ਰਹੀਆਂ ਸਨ ਗੱਲਾਂ
ਪੰਕਜ ਦੀ ਭੈਣ ਸ਼ਾਲੂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚ ਛੇਤੀ ਹੀ ਪੰਕਜ ਦੇ ਵਿਆਹ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਸਨ, ਪਰ ਦੁਬਈ ਤੋਂ ਉਸ ਦੇ ਭਰਾ ਦੀ ਮੌਤ ਦੀ ਖ਼ਬਰ ਆ ਗਈ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਵੀਡੀਓ ਵਿੱਚ ਵਿਖਾਈ ਦੇ ਰਹੇ ਹਰਪ੍ਰੀਤ ਸਿੰਘ, ਜੋ ਕਿ ਪੰਜਾਬ ਦੇ ਹੀ ਰਈਆ ਦਾ ਰਹਿਣ ਵਾਲਾ ਹੈ, ਨੇ ਹੀ ਪੰਕਜ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਨੇ ਹੀ ਉਸ ਦੇ ਭਰਾ ਪੰਕਜ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਲੇ ਕਤਲ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ, ਪਰ ਉਹ ਇਨਸਾਫ ਦੀ ਮੰਗ ਕਰਦੇ ਹਨ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸੇ ਗੱਲ ਨੂੰ ਲੈ ਕੇ ਹਰਪ੍ਰੀਤ ਸਿੰਘ ਇੱਕ ਤਿੱਖਾ ਅਤੇ ਵੱਡਾ ਚਾਕੂ ਲੈ ਕੇ ਪੰਕਜ ਵੱਲ ਵੱਧ ਰਿਹਾ ਹੈ। ਆਸ-ਪਾਸ ਕੁੱਝ ਮੁੰਡੇ ਵੀ ਖੜੇ ਹੋਏ ਹਨ। ਇਸ ਦੌਰਾਨ ਇੱਕ ਮੁੰਡਾ ਹਰਪ੍ਰੀਤ ਸਿੰਘ ਨੂੰ ਰੋਕਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ। ਪਰ ਬਾਅਦ ਦੀ ਇੱਕ ਤਸਵੀਰ ਵਿੱਚ ਪੰਕਜ ਕੁਮਾਰ ਦੀ ਖੂਨ ਨਾਲ ਸੜਕ ਦੇ ਕਿਨਾਰੇ ਪਈ ਲਾਸ਼ ਵਿਖਾਈ ਦੇ ਰਹੀ ਹੈ। ਦੁਬਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
- PTC NEWS