ਮੋਹਾਲੀ ਦੇ 6 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੁਣ ਤੱਕ ਜ਼ਿਲ੍ਹੇ ‘ਚ 49 ਮਰੀਜ਼ ਹੋਏ ਸਿਹਤਯਾਬ

By  Shanker Badra May 7th 2020 07:06 PM

ਮੋਹਾਲੀ ਦੇ 6 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੁਣ ਤੱਕ ਜ਼ਿਲ੍ਹੇ ‘ਚ 49 ਮਰੀਜ਼ ਹੋਏ ਸਿਹਤਯਾਬ:ਮੋਹਾਲੀ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਮੋਹਾਲੀ ਤੋਂ ਇੱਕ ਵਾਰ ਫ਼ਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਹਾਲੀ ‘ਚ ਜਿਸ ਤੇਜ਼ੀ ਨਾਲ ‘ਕੋਰੋਨਾ ਵਾਇਰਸ’ ਦੀ ਲਾਗ ਦੇ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮਹਾਂਮਾਰੀ ਤੋਂ ਅੱਜ 6 ਹੋਰ ਮਰੀਜ਼ ਬਿਲਕੁਲ ਠੀਕ ਹੋ ਗਏ ਹਨ ,ਜਿਸ ਨਾਲ ਜ਼ਿਲ੍ਹੇ ‘ਚ ਹੁਣ ਤੱਕ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 49 ਹੋ ਗਈ ਹੈ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ 'ਚ ਕੁਲਵਿੰਦਰ ਸਿੰਘ (38 ਸਾਲ), ਰਮਨਪ੍ਰੀਤ ਕੌਰ (19), ਬਲਵਿੰਦਰ ਕੌਰ (55), ਭਜਨ ਕੌਰ (53), 30 ਸਾਲਾ ਪੀਰੂ ਮੁਹੱਲਾ, ਮੋਹਾਲੀ ਅਤੇ ਹੇਮਾ (38) ਸ਼ਾਮਲ ਹਨ। ਸਿਹਤਯਾਬ ਹੋਏ ਪਹਿਲੇ ਚਾਰ ਮਰੀਜ਼ ਪਿੰਡ ਜਵਾਹਰਪੁਰ ਦੇ ਰਹਿਣ ਵਾਲੇ ਹਨ , ਜਦਕਿ ਹੇਮਾ ਮੁੰਡੀ ਖਰੜ ਦੀ ਵਸਨੀਕ ਹੈ। ਜਿਨ੍ਹਾਂ ਨੂੰ ਅੱਜ ਬਨੂੜ ਵਿਚਲੇ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਕੇ ਇਕਾਂਤਵਸ 'ਚ ਭੇਜ ਦਿੱਤਾ ਹੈ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ 'ਕੋਰੋਨਾ ਵਾਇਰਸ' ਤੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 95 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 44 ਹੈ। ਇਕੱਲੇ ਜਵਾਹਰਪੁਰ 'ਚ 31 ਮਰੀਜ਼ ਹੁਣ ਤੱਕ ਠੀਕ ਹੋ ਚੁਕੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜਵਾਹਪੁਰ ਨਾਲ ਸਬੰਧਤ ਵਿਅਕਤੀਆਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ 'ਚ ਬਣਾਏ ਗਏ ਇਕਾਂਤਵਾਸ ਕੇਂਦਰ 'ਚ ਰੱਖਿਆ ਜਾਵੇਗਾ ਅਤੇ 14 ਦਿਨਾਂ ਦਾ ਇਕਾਂਤਵਾਸ ਸਮਾਂ ਪੂਰਾ ਹੋਣ ਮਗਰੋਂ ਹੀ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

ਇਸ ਦੇ ਇਲਾਵਾ ਮੁੰਡੀ ਖਰੜ ਵਾਸੀ ਹੇਮਾ ਨੂੰ ਘਰ ਭੇਜਿਆ ਜਾਵੇਗਾ, ਜਿਥੇ ਉਸ ਨੂੰ 14 ਦਿਨਾਂ ਲਈ ਅਲੱਗ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਨੇ ਪੰਜਾਬ ਸਰਕਾਰ ਅਤੇ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ 'ਚ ਮਿਆਰੀ ਅਤੇ ਵਧੀਆ ਇਲਾਜ ਪ੍ਰਦਾਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਸਾਰੇ ਪੀੜਤਾਂ ਦਾ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ 'ਚ ਨਹੀਂ ਹੈ। ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਮਾਰੀ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਲੋਕਾਂ ਨੂੰ ਅਪਣੇ ਘਰਾਂ 'ਚ ਹੀ ਰਹਿਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।

-PTCNews

Related Post