ਲੁਧਿਆਣਾ ਦੇ ਅਦਾਲਤੀ ਕੰਪਲੈਕਸ 'ਚ ਹੋਇਆ ਵੱਡਾ ਬੰਬ ਧਮਾਕਾ, ਇਕ ਵਿਅਕਤੀ ਦੀ ਮੌਤ

By  Riya Bawa December 23rd 2021 12:52 PM -- Updated: December 23rd 2021 04:24 PM

ਲੁਧਿਆਣਾ: ਲੁਧਿਆਣਾ ਦੇ ਸਥਾਨਕ ਅਦਾਲਤੀ ਕੰਪਲੈਕਸ ਵਿਚ ਅੱਜ ਵੱਡਾ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਕਾਰਨ ਹਫੜਾ-ਦਫੜੀ ਫੈਲ ਗਈ ਅਤੇ ਅਦਾਲਤਾਂ ਵਿਚ ਕੰਮ ਕਰਨ ਵਾਲੇ ਵਕੀਲ ਮੁਲਾਜ਼ਮ ਅਤੇ ਹੋਰ ਅਮਲਾ ਨਾਲ ਲੱਗਦੇ ਫਿਰੋਜ਼ ਗਾਂਧੀ ਮਾਰਕੀਟ 'ਚ ਆ ਗਈ। ਇਸ ਧਮਾਕੇ ਵਿਚ ਇਕ ਵਿਅਕਤੀ ਦੇ ਮਰੇ ਹੋਣ ਦੀ ਖਬਰ ਹੈ ਪੰਜ ਜ਼ਖ਼ਮੀ ਹਨ। ਖ਼ਬਰ ਲਿਖ਼ੇ ਜਾਣ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ। ਇਹ ਧਮਾਕਾ ਕੋਰਟ ਕੰਪਲੈਕਸ ਦੀ ਪੁਰਾਣੀ ਬਿਲਡਿੰਗ ਦੇ ਬਾਥਰੂਮ ਵਿੱਚ ਹੋਇਆ ਹੈ। ਧਮਾਕੇ ਮਗਰੋਂ ਕੰਪਲੈਕਸ ਵਿੱਚ ਭਗਦੜ ਮੱਚ ਗਈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਜੇ ਤੱਕ ਧਮਾਕੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਧਮਾਕਾ ਦੁਪਹਿਰੇ ਕਰੀਬ 12:25 ਵਜੇ ਦੂਸਰੀ ਮੰਜ਼ਿਲ 'ਤੇ ਬਾਥਰੂਮ 'ਚ ਹੋਇਆ। ਧਮਾਕੇ ਨਾਲ ਅਦਾਲਤ ਦੀ ਪੂਰੀ ਇਮਾਰਤ ਹਿੱਲ ਗਈ। ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਨਿਆਇਕ ਅਧਿਕਾਰੀਆਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਅਧਿਕਾਰੀ ਪਹੁੰਚੇ ਨਹੀ ਸਨ। ਅਦਾਲਤੀ ਕੰਪਲੈਕਸ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਅਦਾਲਤ ਦੀ ਪੂਰੀ ਇਮਾਰਤ ਹਿੱਲ ਗਈ ਅਤੇ ਪਾਰਕਿੰਗ 'ਚ ਖੜ੍ਹੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਸਮੇਂ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਕਈ ਲੋਕ ਆਪੋ-ਆਪਣੇ ਕੇਸਾਂ ਨੂੰ ਲੈ ਕੇ ਅਦਾਲਤ 'ਚ ਪਹੁੰਚ ਰਹੇ ਸਨ। ਕਈ ਕੈਦੀਆਂ ਨੂੰ ਮੁਕੱਦਮੇ ਲਈ ਵੀ ਲਿਆਂਦਾ ਗਿਆ। ਪੁਲਿਸ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਸ ਧਮਾਕੇ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਨਾਲ ਇਹ ਧਮਾਕਾ ਹੋਇਆ ਹੈ। ਇਸ ਧਮਾਕੇ ਕਾਰਨ ਪੂਰੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਸਮੇਂ 'ਚ ਅਦਾਲਤੀ ਕੰਪਲੈਕਸ 'ਚ ਅਜਿਹਾ ਧਮਾਕਾ ਕਈ ਸਵਾਲ ਖੜ੍ਹੇ ਕਰਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਚ ਅੱਜ ਇੱਕ ਬਹੁਤ ਹੀ ਭਿਆਨਕ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਿਕ ਪੁਲਿਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ  ਇਹੋ ਜਿਹੀਆਂ ਘਟਨਾਵਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਵੱਲ ਧਿਆਨ ਨਹੀਂ ਦਿੰਦੀ। ਇਸ ਦੀ ਬਜਾਏ, ਸਰਕਾਰ ਨੇ ਪੁਲਿਸ ਨੂੰ ਸਿਆਸੀ ਬਦਲਾਖੋਰੀ ਦੇ ਕੰਮ ਲਈ ਲਗਾਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ ਕੋਰਟ ਧਮਾਕੇ 'ਤੇ ਕਿਹਾ ਕਿ ਕੁਝ ਲੋਕ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ- “ਪਹਿਲਾਂ ਬੇਅਦਬੀ, ਹੁਣ ਧਮਾਕਾ। ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਪੰਜਾਬ ਦੇ 3 ਕਰੋੜ ਲੋਕ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਅਸੀਂ ਇਕ ਦੂਜੇ ਦਾ ਹੱਥ ਫੜਨਾ ਹੈ। ਖ਼ਬਰ ਸੁਣ ਕੇ ਦੁਖੀ ਹਾਂ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। -PTC News

Related Post