ਬਿੱਲ 50 ਸਾਲਾਂ ਤੋਂ ਫਸਲਾਂ ਦੀ ਖਰੀਦ ਲਈ ਸਥਾਪਿਤ ਕੀਤੇ ਢਾਂਚੇ ਨੂੰ ਤਬਾਹ ਕਰ ਦੇਣਗੇ : ਸੁਖਬੀਰ ਸਿੰਘ ਬਾਦਲ

By  Shanker Badra September 18th 2020 12:00 PM -- Updated: September 18th 2020 07:52 PM

ਬਿੱਲ 50 ਸਾਲਾਂ ਤੋਂ ਫਸਲਾਂ ਦੀ ਖਰੀਦ ਲਈ ਸਥਾਪਿਤ ਕੀਤੇ ਢਾਂਚੇ ਨੂੰ ਤਬਾਹ ਕਰ ਦੇਣਗੇ : ਸੁਖਬੀਰ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਲੋਕ ਸਭਾ ਵਿਚ ਤਿੰਨ ਖੇਤੀਬਾੜੀ ਨਾਲ ਸਬੰਧਤ ਬਿੱਲਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਹ ਪੰਜਾਬ ਵਿਚ 20 ਲੱਖ ਕਿਸਾਨਾਂ, ਤਿੰਨ ਲੱਖ ਮੰਡੀ ਮਜ਼ਦੂਰਾਂ,  30 ਲੱਖ ਖੇਤ ਮਜ਼ਦੂਰਾਂ ਅਤੇ 30 ਹਜ਼ਾਰ ਆੜਤੀਆਂ ਲਈ ਤਬਾਹੀ ਲਿਆ ਦੇਣਗੇ ਤੇ 50 ਸਾਲਾਂ ਦੌਰਾਨ ਸਖ਼ਤ ਘਾਲਣਾ ਘੱਲ ਕੇ ਬਣਾਏ ਜਿਣਸਾਂ ਦੀ ਖਰੀਦ ਦੇ ਪ੍ਰਬੰਧਾਂ ਨੂੰ ਖਤਮ ਕਰ ਦੇਣਗੇ।

ਬਿੱਲ ਪੰਜਾਬ ਵਿਚ 50 ਸਾਲਾਂ ਤੋਂ ਫਸਲਾਂ ਦੀ ਖਰੀਦ ਲਈ ਸਥਾਪਿਤ ਕੀਤੇ ਢਾਂਚੇ ਨੂੰ ਤਬਾਹ ਕਰ ਦੇਣਗੇ : ਸੁਖਬੀਰ ਸਿੰਘ ਬਾਦਲ

ਸੰਸਦ ਵਿਚ ਇਕ ਜ਼ੋਰਦਾਰ ਤਕਰੀਰ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਘੱਟ ਬੋਲਣ ਤੇ ਉਲਟਾ ਅਕਾਲੀ ਦਲ 'ਤੇ ਹਮਲੇ ਕਰਨ ਲਈ ਉਸਨੂੰ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵੀ 2019 ਦੀਆਂ ਕੌਮੀ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਏ ਪੀ ਐਮ ਸੀ ਐਕਟ ਖਤਮ ਕਰ ਦੇਵੇਗੀ। ਉਹਨਾਂ ਕਿਹਾ ਕਿ ਜਦੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਜਿਹਨਾਂ ਨੇ ਕਈ ਚੋਣ ਵਾਅਦੇ ਪੂਰੇ ਕਰਨ ਲਈ ਗੁਟਕਾ ਸਾਹਿਬ ਤੇ ਦਸਮ ਪਿਤਾ ਦੀ ਝੂਠੀ ਸਹੁੰ ਚੁੱਕੀ, ਨੇ ਸੱਤਾ ਸੰਭਾਲੀ ਤਾਂ ਉਹਨਾਂ ਨੇ ਵੀ ਕਾਂਗਰਸ ਹਾਈਕਮਾਂਡ ਦੀਆਂ ਹਦਾਇਤਾਂ 'ਤੇ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਕੀਤੀ।

ਬਿੱਲ ਪੰਜਾਬ ਵਿਚ 50 ਸਾਲਾਂ ਤੋਂ ਫਸਲਾਂ ਦੀ ਖਰੀਦ ਲਈ ਸਥਾਪਿਤ ਕੀਤੇ ਢਾਂਚੇ ਨੂੰ ਤਬਾਹ ਕਰ ਦੇਣਗੇ : ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇਸ਼ ਵਾਸਤੇ ਅਨਾਜ ਪੈਦਾ ਕਰਨ ਵਿਚ ਅਹਿਮ ਰੋਲ ਨਿਭਾਇਆ ਤੇ ਸੂਬੇ ਵਿਚ ਖੇਤੀਬਾੜੀ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈ। ਉਹਨਾ ਕਿਹਾ ਕਿ 1980 ਤੱਕ ਪੰਜਾਬ ਦੇਸ਼ ਦੀ ਕੁੱਲ ਅਨਾਜ ਪੈਦਾਵਾਰ ਵਿਚ 80 ਫੀਸਦੀ ਯੋਗਦਾਨ ਪਾਉਂਦਾ ਰਿਹਾ ਜਦਕਿ ਇਸ ਵੇਲੇ ਵੀ ਕੇਂਦਰੀ ਪੂਲ ਵਿਚ 50 ਫੀਸਦੀ ਯੋਗਦਾਨ ਪਾ ਰਿਹਾ ਹੈ।

ਬਿੱਲ ਪੰਜਾਬ ਵਿਚ 50 ਸਾਲਾਂ ਤੋਂ ਫਸਲਾਂ ਦੀ ਖਰੀਦ ਲਈ ਸਥਾਪਿਤ ਕੀਤੇ ਢਾਂਚੇ ਨੂੰ ਤਬਾਹ ਕਰ ਦੇਣਗੇ : ਸੁਖਬੀਰ ਸਿੰਘ ਬਾਦਲ

ਸ੍ਰੀ ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਪੰਜਾਬ ਨੇ ਆਪਣਾ ਧਨ ਯਾਨੀ ਆਪਣੇ ਜਲ ਸਰੋਤ ਦੇਸ਼ ਵਾਸਤੇ ਕੁਰਬਾਨ ਕਰ ਦਿੱਤੇ। ਉਹਨਾਂ ਕਿਹਾ ਕਿ ਅਸੀਂ ਸੋਕੇ ਦੇ ਹਾਲਾਤਾਂ ਵਿਚ ਵੀ ਨਹਿਰਾਂ ਤੇ ਟਿਊਬਵੈਲਾਂ ਦੇ ਨੈਟਵਰਕ ਜੋ ਸੂਬੇ ਵਿਚ ਬਣਾਇਆ ਗਿਆ, ਦੀ ਬਦੌਲਤ ਝੌਨੇ ਦੀ ਪੈਦਾਵਾਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਔਖੇ ਜਾਂ ਸੌਖੇ ਹਾਲਾਤਾਂ ਵਿਚ ਦੇਸ਼ ਵਾਸਤੇ ਅਨਾਜ ਪੈਦਾ ਕੀਤਾ।

ਸ੍ਰੀ  ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਪੰਜਾਬ ਵਿਚ ਖਰੀਦ ਪ੍ਰਬੰਧ ਬਹੁਤ ਘਾਲਣਾ ਘਾਲ ਕੇ ਤਿਆਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰਬੰਧਾਂ ਦੀ ਪ੍ਰਣਾਲੀ ਜੋ ਕਿ ਦੁਨੀਆਂ ਵਿਚ ਸਰਵੋਤਮ ਹੈ, ਤਹਿਤ 1900 ਕੇਂਦਰ ਸਥਾਪਿਤ ਕੀਤੇ ਤੇ ਹਰ ਛੇ ਪਿੰਡਾਂ ਪਿੱਛੇ ਇਕ ਖਰੀਦ ਕੇਂਦਰ ਬਣਾਇਆ ਗਿਆ। ਉਹਨਾਂ ਕਿਹਾ ਕਿ ਜੇਕਰ ਪ੍ਰਾਈਵੇਟ ਖਰੀਦਦਾਰਾਂ ਨੂੰ ਇਸ ਪ੍ਰਬੰਧ ਦਾ ਹਿੱਸਾ ਬਣਨ ਦਿੱਤਾ ਗਿਆ ਤਾਂ ਫਿਰ ਇਹ ਸਾਰੀ ਪ੍ਰਣਾਲੀ ਤਬਾਹ  ਹੋ ਜਾਵੇਗੀ ਕਿਉਂਕਿ ਇਸ ਵਿਚ ਪ੍ਰਾਈਵੇਟ ਖਰੀਦਦਾਰ ਆਪਣੀ ਮਨਮਰਜ਼ੀ ਕਰਨਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਵੱਲੋਂ ਖੇਤੀਬਾੜੀ ਆਰਡੀਨੈਂਸਾ 'ਤੇ ਯੂ ਟਰਨ ਲੈਣ ਦੇ ਲਾਏ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਤੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਇਹਨਾਂ ਵਾਸਤੇ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦਾ ਹਿੱਸਾ ਹੀ ਨਹੀਂ ਬਣਾਇਆ ਗਿਆ।  ਉਹਨਾਂ ਕਿਹਾ ਕਿ ਕੇਂਦਰੀ ਵਜ਼ਾਰਤ ਵਿਚ ਪਾਰਟੀ ਦੀ ਇਕਲੌਤੀ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਨੇ ਵਿਚਾਰ ਵਟਾਂਦਰੇ ਦੌਰਾਨ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨਾਲ ਗੱਲਬਾਤ ਮਗਰੋਂ ਇਸ ਬਾਰੇ ਸਹਿਮਤੀ ਨਹੀਂ ਬਣ ਜਾਂਦੀ, ਇਹ ਨਾ ਜਾਰੀ ਕੀਤੇ ਜਾਣ। ਉਹਨਾਂ ਕਿਹਾ ਕਿ ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਇਹ ਦੱਸਿਆ ਤੇ ਕਿਸਾਨ ਪ੍ਰਤੀਨਿਧਾਂ ਤੇ ਮਾਹਿਰਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਵੱਲੋਂ ਪ੍ਰਗਟਾਏ ਖਦਸ਼ੇ ਕਿ ਐਕਟ ਲੰਬੀ ਦੌੜ ਵਿਚ ਉਹਨਾਂ ਦਾ ਨੁਕਸਾਨ ਕਰੇਗਾ, ਤੋਂ ਵੀ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਪਰ ਇਹਨਾਂ ਸ਼ੰਕਾਵਾਂ ਨੂੰ ਦੂਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਿੱਲਾਂ ਦੇ ਵਿਰੋਧ ਦਾ ਫੈਸਲਾ ਕੀਤਾ ਹੈ।

-PTCNews

Related Post